ਕੋਲਕਾਤਾ ਹਵਾਈ ਅੱਡੇ 'ਤੇ ਇੰਡੀਗੋ ਦੇ ਜਹਾਜ਼ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੇ 141 ਯਾਤਰੀ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਹਵਾਈ ਅੱਡੇ 'ਤੇ ਖੜ੍ਹੇ ਇੰਡੀਗੋ ਦੇ ਇੱਕ ਜਹਾਜ਼ 'ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ਦੇ ਸਮੇਂ ਜਹਾਜ਼ ਵਿਚ 141 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ, ਜੋ ਸਾਰੇ ਸੁਰੱਖਿਅਤ ਹਨ।
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਹਵਾਈ ਅੱਡੇ 'ਤੇ ਖੜ੍ਹੇ ਇੰਡੀਗੋ ਦੇ ਇੱਕ ਜਹਾਜ਼ 'ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ਦੇ ਸਮੇਂ ਜਹਾਜ਼ ਵਿਚ 141 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ, ਜੋ ਸਾਰੇ ਸੁਰੱਖਿਅਤ ਹਨ।

ਜਾਣਕਾਰੀ ਅਨੁਸਾਰ, ਇੰਡੀਗੋ ਦੀ ਫਲਾਈਟ 6E6068 (VT-IPW) ਕੋਲਕਾਤਾ ਤੋਂ ਅਗਰਤਲਾ ਜਾਣ ਲਈ ਤਿਆਰ ਸੀ ਅਤੇ ਐਰੋਬ੍ਰਿਜ 56L 'ਤੇ ਖੜ੍ਹੀ ਸੀ। ਸਵੇਰੇ ਕਰੀਬ 9:30 ਵਜੇ, ਜਦੋਂ ਇਲਾਕੇ ਵਿੱਚ ਤੇਜ਼ ਤੂਫਾਨ ਅਤੇ ਬਾਰਿਸ਼ ਹੋ ਰਹੀ ਸੀ ਤਾਂ ਅਚਾਨਕ ਜਹਾਜ਼ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਕਾਰਨ ਜਹਾਜ਼ ਦਾ ਪਾਵਰ ਸਿਸਟਮ ਪ੍ਰਭਾਵਿਤ ਹੋਇਆ ਅਤੇ ਅਚਾਨਕ ਬਿਜਲੀ ਗੁੱਲ ਹੋ ਗਈ।

ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰਿਆ ਗਿਆ। ਹਾਲਾਂਕਿ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਗਰਾਊਂਡ ਸਟਾਫ ਦੇ ਦੋ ਮੈਂਬਰ ਮਾਮੂਲੀ ਤੌਰ 'ਤੇ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਤੇ ਮੁੱਢਲੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਹਾਦਸੇ ਕਾਰਨ ਯਾਤਰੀਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਫਲਾਈਟ ਸਵੇਰੇ 9:20 ਵਜੇ ਰਵਾਨਾ ਹੋਣੀ ਸੀ, ਪਰ ਬਿਜਲੀ ਡਿੱਗਣ ਦੀ ਘਟਨਾ ਤੋਂ ਬਾਅਦ ਏਅਰਲਾਈਨ ਨੇ ਦੂਜੇ ਜਹਾਜ਼ (A321) ਦਾ ਪ੍ਰਬੰਧ ਕੀਤਾ। ਅਖੀਰ ਵਿੱਚ ਯਾਤਰੀਆਂ ਨੂੰ ਦੁਪਹਿਰ 12:50 ਵਜੇ ਅਗਰਤਲਾ ਲਈ ਰਵਾਨਾ ਕੀਤਾ ਗਿਆ। 

ਏਅਰਪੋਰਟ ਅਥਾਰਟੀ ਅਤੇ ਇੰਡੀਗੋ ਵੱਲੋਂ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਖਰਾਬ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਹੋਇਆ ਸੀ।