ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ; ਮੂਸੇਵਾਲਾ ਤੇ ਬਾਬਾ ਸਿੱਦੀਕੀ ਕਤਲ ਮਾਮਲਿਆਂ 'ਚ ਹੈ ਲੋੜੀਂਦਾ

ਉਹ ਕੁੱਲ 200 ਲੋਕਾਂ ਦੇ ਸਮੂਹ ਦਾ ਹਿੱਸਾ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਨਮੋਲ ਸਮੇਤ ਤਿੰਨ ਭਾਰਤੀ (ਅਤੇ ਦੋ ਹੋਰ ਪੰਜਾਬ ਦੇ) ਸ਼ਾਮਲ ਹਨ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਅਨਮੋਲ ਦੇ ਬੁੱਧਵਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣ ਦੀ ਉਮੀਦ ਹੈ, ਜਿੱਥੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਅਤੇ ਭਾਰੀ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਅਨਮੋਲ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਕੁੱਲ 200 ਲੋਕਾਂ ਦੇ ਸਮੂਹ ਦਾ ਹਿੱਸਾ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਨਮੋਲ ਸਮੇਤ ਤਿੰਨ ਭਾਰਤੀ (ਅਤੇ ਦੋ ਹੋਰ ਪੰਜਾਬ ਦੇ) ਸ਼ਾਮਲ ਹਨ।

ਇਹਨਾਂ ਵੱਡੇ ਮਾਮਲਿਆਂ ਵਿੱਚ ਲੋੜੀਂਦਾ ਹੈ ਅਨਮੋਲ
ਅਨਮੋਲ ਬਿਸ਼ਨੋਈ ਭਾਰਤ ਵਿੱਚ ਕਈ ਵੱਡੇ ਅਤੇ ਸੰਵੇਦਨਸ਼ੀਲ ਅਪਰਾਧਾਂ ਵਿੱਚ ਲੋੜੀਂਦਾ ਹੈ। ਉਹ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਹੋਈ ਗੋਲੀਬਾਰੀ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਹੈ। ਅਨਮੋਲ ਪਿਛਲੇ ਸਾਲ ਮੁੰਬਈ ਵਿੱਚ ਹੋਏ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ। ਕਤਲ ਤੋਂ ਬਾਅਦ ਇੱਕ ਸ਼ੂਟਰ ਨੇ ਅਨਮੋਲ ਨੂੰ ਫੋਟੋ ਅਤੇ ਵੀਡੀਓ ਭੇਜ ਕੇ ਮੌਤ ਦੀ ਪੁਸ਼ਟੀ ਕੀਤੀ ਸੀ, ਜਿਸ ਸਮੇਂ ਅਨਮੋਲ ਸ਼ੂਟਰਾਂ ਦੇ ਸੰਪਰਕ ਵਿੱਚ ਸੀ।

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਹੋਈ ਹੱਤਿਆ ਵਿੱਚ ਵੀ ਅਨਮੋਲ ਦਾ ਨਾਮ ਸਾਹਮਣੇ ਆਇਆ ਸੀ। ਪੰਜਾਬ ਪੁਲਸ ਦੀ ਜਾਂਚ ਵਿੱਚ ਪਤਾ ਲੱਗਾ ਸੀ ਕਿ ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚੋਂ ਸਾਜ਼ਿਸ਼ ਰਚੀ, ਜਦੋਂ ਕਿ ਉਸਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸ਼ੂਟਰਾਂ ਅਤੇ ਹਥਿਆਰਾਂ ਦਾ ਇੰਤਜ਼ਾਮ ਕਰਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।

ਅਨਮੋਲ ਬਿਸ਼ਨੋਈ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ ਅਤੇ ਏਜੰਸੀ ਨੇ ਉਸ 'ਤੇ 10 ਲੱਖ ਦਾ ਇਨਾਮ ਵੀ ਐਲਾਨ ਕੀਤਾ ਹੋਇਆ ਸੀ। ਅਨਮੋਲ ਕੈਨੇਡਾ ਅਤੇ ਅਮਰੀਕਾ ਦਰਮਿਆਨ ਘੁੰਮਦਾ ਰਹਿੰਦਾ ਸੀ। ਉਸ ਨੇ ਰੂਸੀ ਪਾਸਪੋਰਟ ਬਣਵਾਇਆ ਹੋਇਆ ਸੀ, ਜੋ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬਣਾਇਆ ਗਿਆ ਸੀ, ਜਿਸ ਵਿੱਚ ਉਸਦਾ ਨਾਮ ਭਾਨੂ ਪ੍ਰਤਾਪ ਦਰਜ ਸੀ। ਦੱਸਿਆ ਜਾਂਦਾ ਹੈ ਕਿ ਕਰੀਬ ਦੋ ਸਾਲ ਪਹਿਲਾਂ, ਅਨਮੋਲ ਕੈਲੀਫੋਰਨੀਆ ਦੇ ਬੇਕਰਸਫੀਲਡ ਵਿੱਚ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਸ਼ੋਅ ਵਿੱਚ ਸਟੇਜ 'ਤੇ ਸੈਲਫੀ ਲੈਂਦਾ ਵੀ ਦੇਖਿਆ ਗਿਆ ਸੀ।