ਹਰਿਆਣਾ ਦੇ ਹਾਂਸੀ 'ਚ ਜਿਮ ਸੰਚਾਲਕ ਦਾ ਸ਼ਰੇਆਮ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਹਰਿਆਣਾ ਦੇ ਹਾਂਸੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਫੁਆਰਾ ਚੌਕ ਨੇੜੇ ਇੱਕ ਜਿਮ ਸੰਚਾਲਕ ਕਪਿਲ ਦਾ ਬਾਈਕ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹਾਂਸੀ : ਹਰਿਆਣਾ ਦੇ ਹਾਂਸੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਫੁਆਰਾ ਚੌਕ ਨੇੜੇ ਇੱਕ ਜਿਮ ਸੰਚਾਲਕ ਕਪਿਲ ਦਾ ਬਾਈਕ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਪਿਲ ਵੀਰਵਾਰ ਸਵੇਰੇ ਕਰੀਬ 5:30 ਵਜੇ ਆਪਣੇ ਜਿਮ ਦੇ ਬਾਹਰ ਨੌਜਵਾਨਾਂ ਨੂੰ ਕਸਰਤ ਕਰਵਾ ਰਿਹਾ ਸੀ।

ਮਹਿਜ਼ 5 ਸੈਕਿੰਡਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਜਾਣਕਾਰੀ ਅਨੁਸਾਰ, ਹੈਲਮੇਟ ਪਹਿਨੇ ਦੋ ਬਦਮਾਸ਼ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਨੇ ਬਹੁਤ ਹੀ ਕਰੀਬ ਤੋਂ ਕਪਿਲ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਮਹਿਜ਼ 5 ਸੈਕਿੰਡਾਂ ਦੇ ਅੰਦਰ 10 ਗੋਲੀਆਂ ਚਲਾਈਆਂ, ਜੋ ਕਪਿਲ ਦੀ ਪਿੱਠ ਤੇ ਸਿਰ ਵਿੱਚ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਗੋਲੀਬਾਰੀ ਦੌਰਾਨ ਉੱਥੇ ਮੌਜੂਦ 'ਸ਼ਿਖਾ' ਨਾਂ ਦੀ ਇੱਕ ਮੁਟਿਆਰ ਵੀ ਗੋਲੀ ਦੇ ਛਰ੍ਹੇ ਲੱਗਣ ਕਾਰਨ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਆਡੀਓ ਸੰਦੇਸ਼ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਹਰੀ ਬਾਕਸਰ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਸ਼ੇਖਪੁਰਾ ਧਾਰਿਕਪੁਰੀਆ ਵਿੱਚ ਹੋਈ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਸ਼ਾਮਲ ਲੋਕਾਂ ਦਾ ਸਮਰਥਨ ਕਰ ਰਿਹਾ ਸੀ। ਗੈਂਗਸਟਰ ਨੇ ਕਿਹਾ ਕਿ ਕਪਿਲ ਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ, ਪਰ ਉਸ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕਰਨ 'ਤੇ ਇਹ ਕਾਰਵਾਈ ਕੀਤੀ ਗਈ ਹੈ।

ਹਾਂਸੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਅਤੇ ਵਾਇਰਲ ਹੋ ਰਹੇ ਆਡੀਓ ਸੰਦੇਸ਼ ਦੀ ਪੜਤਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਪਿਲ ਦਾ ਹਾਲ ਹੀ ਵਿੱਚ ਪ੍ਰੇਮ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।