ਕੇਜਰੀਵਾਲ ਦਾ PM ਮੋਦੀ 'ਤੇ ਤਿੱਖਾ ਹਮਲਾ, 3 ਭਾਰਤੀਆਂ ਦੀ ਮੌਤ ਦੇ ਮਾਮਲੇ 'ਚ ਟਰੰਪ ਸਾਹਮਣੇ ਦਿਖੇ 'ਕਮਜ਼ੋਰ'

ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦਾ ਪੱਖ ਮਜ਼ਬੂਤੀ ਨਾਲ ਨਾ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ।
ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦਾ ਪੱਖ ਮਜ਼ਬੂਤੀ ਨਾਲ ਨਾ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ। ਫਰਾਂਸ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐੱਮ. ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕੀ ਦਬਾਅ ਅੱਗੇ 'ਕਮਜ਼ੋਰ' ਦਿਖਾਈ ਦੇ ਰਹੇ ਹਨ।

ਭਾਰਤੀਆਂ ਦੀ ਹੱਤਿਆ ਦਾ ਮੁੱਦਾ ਨਾ ਉਠਾਉਣ 'ਤੇ ਘੇਰਿਆ
ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਹਾਲ ਹੀ ਵਿੱਚ ਅਮਰੀਕੀ ਹਮਲੇ ਵਿੱਚ ਮਾਰੇ ਗਏ ਤਿੰਨ ਨਿਰਦੋਸ਼ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਟਰੰਪ ਨੇ ਨਿਰਦੋਸ਼ ਭਾਰਤੀਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ, ਉਸ ਨਾਲ ਮੀਟਿੰਗ ਦੌਰਾਨ ਮੋਦੀ ਜੀ ਨੇ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਪਰ ਭਾਰਤੀਆਂ ਦੀ ਮੌਤ ਦਾ ਮੁੱਦਾ ਤੱਕ ਨਹੀਂ ਉਠਾਇਆ। ਕੇਜਰੀਵਾਲ ਨੇ ਸਵਾਲ ਕੀਤਾ ਕਿ ਆਖਿਰ ਪ੍ਰਧਾਨ ਮੰਤਰੀ ਟਰੰਪ ਤੋਂ ਇੰਨਾ ਕਿਉਂ ਡਰਦੇ ਹਨ?

ਟਰੰਪ ਦੇ ਹੰਕਾਰ ਤੇ ਮੋਦੀ ਦੀ ਚੁੱਪ 'ਤੇ ਸਵਾਲ
ਕੇਜਰੀਵਾਲ ਨੇ ਉਸ ਘਟਨਾ 'ਤੇ ਵੀ ਹੈਰਾਨੀ ਜਤਾਈ ਜਦੋਂ ਇੱਕ ਪੱਤਰਕਾਰ ਨੇ ਰਾਸ਼ਟਰਪਤੀ ਟਰੰਪ ਤੋਂ ਭਾਰਤੀਆਂ ਦੀ ਮੌਤ 'ਤੇ ਅਫ਼ਸੋਸ ਬਾਰੇ ਪੁੱਛਿਆ। ਉਨ੍ਹਾਂ ਅਨੁਸਾਰ ਟਰੰਪ ਨੇ ਹੰਕਾਰ ਵਿੱਚ ਆ ਕੇ ਸਾਫ਼ ਮਨਾਂ ਕਰ ਦਿੱਤਾ, ਪਰ ਇਸ ਅਪਮਾਨਜਨਕ ਜਵਾਬ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਚੁੱਪ ਰਹੇ। ਕੇਜਰੀਵਾਲ ਮੁਤਾਬਕ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਭਾਰਤ ਨੂੰ ਕੁਝ ਸਮਝਦੇ ਹੀ ਨਹੀਂ ਹਨ।

ਦੇਸ਼ ਨੂੰ 'ਸਖ਼ਤ' ਪ੍ਰਧਾਨ ਮੰਤਰੀ ਦੀ ਲੋੜ
ਕੇਜਰੀਵਾਲ ਨੇ ਸਲਾਹ ਦਿੱਤੀ ਕਿ ਮੋਦੀ ਜੀ ਨੂੰ ਟਰੰਪ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਪੱਸ਼ਟ ਸ਼ਬਦਾਂ ਵਿਚ ਇਹ ਕਹਿਣਾ ਚਾਹੀਦਾ ਸੀ ਕਿ ਭਾਰਤ ਇਸ ਹਮਲੇ 'ਤੇ ਆਪਣੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਾ ਹੈ ਅਤੇ ਅਮਰੀਕਾ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇੱਕ ਮਜ਼ਬੂਤ, ਸਾਹਸੀ ਅਤੇ ਸਖ਼ਤ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਵਿਸ਼ਵ ਪੱਧਰ 'ਤੇ ਭਾਰਤੀਆਂ ਦੇ ਸਨਮਾਨ ਦੀ ਰੱਖਿਆ ਕਰ ਸਕੇ।

ਕੇਜਰੀਵਾਲ ਨੇ ਦੋਸ਼ ਲਾਏ ਕਿ ਅਮਰੀਕੀ ਹਮਲੇ ਵਿੱਚ 3 ਭਾਰਤੀਆਂ ਦੀ ਮੌਤ 'ਤੇ ਪੀ.ਐੱਮ. ਮੋਦੀ ਨੇ ਇੱਕ ਟਵੀਟ ਜਾਂ ਸੋਗ ਸੰਦੇਸ਼ ਤੱਕ ਜਾਰੀ ਨਹੀਂ ਕੀਤਾ। ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦਾ ਲਗਾਤਾਰ ਅਪਮਾਨ ਹੋ ਰਿਹਾ ਹੈ ਅਤੇ ਸਰਕਾਰ ਮੂਕਦਰਸ਼ਕ ਬਣੀ ਹੋਈ ਹੈ। ਟਰੰਪ ਦੇ ਹੰਕਾਰੀ ਰਵੱਈਏ ਦੇ ਬਾਵਜੂਦ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਜਾ ਰਹੀ ਹੈ।