ਕਬੱਡੀ ਖਿਡਾਰੀ ਕਤਲ ਮਾਮਲਾ: ਪਰਿਵਾਰਕ ਮੈਂਬਰਾਂ ਨੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ

ਰਘੁਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਹਮਲਾ ਰੰਜਿਸ਼ ਕਾਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 21 ਦਿਨ ਪਹਿਲਾਂ ਤੇਜਪਾਲ ਦੇ ਦੋਸਤ ਪਰਲਾਭ ਸਿੰਘ ਦੀ ਮੁਲਜ਼ਮ ਹਨੀ ਅਤੇ ਉਸਦੇ ਦੋਸਤਾਂ ਨਾਲ ਘੂਰ ਕੇ ਦੇਖਣ ਨੂੰ ਲੈ ਕੇ ਬਹਿਸ ਹੋਈ ਸੀ।
ਲੁਧਿਆਣਾ ਦੇ ਜਗਰਾਓਂ ਵਿੱਚ ਕਬੱਡੀ ਖਿਡਾਰੀ ਤੇਜਪਾਲ ਦੀ ਸ਼ੁੱਕਰਵਾਰ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਐਸਐਸਪੀ ਦਫ਼ਤਰ ਤੋਂ ਸਿਰਫ਼ 250 ਮੀਟਰ ਦੀ ਦੂਰੀ 'ਤੇ ਵਾਪਰੀ। ਤੇਜ਼ਪਾਲ ਆਪਣੇ ਪਰਿਵਾਰ ਦਾ ਇੱਕੋ ਇਕ ਪੁੱਤਰ ਸੀ। ਉਸਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਿੰਨ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਗਿੱਦੜਵਿੰਡੀ ਨਿਵਾਸੀ ਤੇਜਪਾਲ ਦੇ ਪਿਤਾ ਰਘੁਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਪੁੱਤਰ ਅਤੇ ਉਸ ਦੇ ਦੋਸਤ ਪਰਲਾਭ ਸਿੰਘ ਦੀ ਕਾਰ ਵਿੱਚ ਇੱਕ ਆਇਲ ਮਿੱਲ ਵਿੱਚ ਪਸ਼ੂਆਂ ਲਈ ਖਲ (ਫੀਡ) ਲੈਣ ਆਏ ਸਨ।

ਜਦੋਂ ਉਹ ਫੀਡ ਦੀ ਬੋਰੀ ਕਾਰ ਵਿੱਚ ਰੱਖਣ ਲੱਗੇ ਤਾਂ ਮੁਲਜ਼ਮ ਹਨੀ ਨੇ ਤੇਜਪਾਲ ਅਤੇ ਉਸ ਦੇ ਦੋਸਤ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ, ਹਨੀ ਦਾ ਭਰਾ ਕਾਲਾ 8-9 ਹੋਰ ਲੋਕਾਂ ਨਾਲ ਮੌਕੇ 'ਤੇ ਪਹੁੰਚਿਆ ਅਤੇ ਉਨ੍ਹਾਂ ਨੇ ਮਾਰਕੁੱਟ ਸ਼ੁਰੂ ਕਰ ਦਿੱਤੀ। ਰਘੁਬੀਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਹਨੀ ਨੇ ਆਪਣੇ ਡੱਬ ਵਿੱਚੋਂ ਹਥਿਆਰ ਕੱਢ ਕੇ ਤੇਜਪਾਲ ਦੀ ਛਾਤੀ ਵਿੱਚ ਸਿੱਧੀ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਤੇਜਪਾਲ ਨੂੰ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਘੁਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਹਮਲਾ ਰੰਜਿਸ਼ ਕਾਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 21 ਦਿਨ ਪਹਿਲਾਂ ਤੇਜਪਾਲ ਦੇ ਦੋਸਤ ਪਰਲਾਭ ਸਿੰਘ ਦੀ ਮੁਲਜ਼ਮ ਹਨੀ ਅਤੇ ਉਸਦੇ ਦੋਸਤਾਂ ਨਾਲ ਘੂਰ ਕੇ ਦੇਖਣ ਨੂੰ ਲੈ ਕੇ ਬਹਿਸ ਹੋਈ ਸੀ।


ਸ਼ਨੀਵਾਰ ਨੂੰ ਜੱਸੂ ਕੂਮ ਨਾਮ ਦੇ ਇੱਕ ਨੌਜਵਾਨ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜੱਸੀ ਨੇ ਲਿਖਿਆ ਕਿ ਇਹ ਕਤਲ ਉਸ ਨੇ ਅਤੇ ਉਸ ਦੇ ਭਰਾ ਬਰਾੜ ਨੇ ਆਪਣੀ ਨਿੱਜੀ ਰੰਜਿਸ਼ ਕਾਰਨ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ.


ਵਾਰਦਾਤ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਸੀ। ਸ਼ਨੀਵਾਰ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਤੇਜਪਾਲ ਦੀ ਮਾਂ ਨੇ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਰਾਜਾ ਵੜਿੰਗ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ, ਕੇਸ ਮਜ਼ਬੂਤੀ ਨਾਲ ਲੜਨਗੇ ਅਤੇ ਵਕੀਲ ਦੀ ਫੀਸ ਵੀ ਉਹ ਦੇਣਗੇ। ਇਸ ਤੋਂ ਇਲਾਵਾ, ਜਗਰਾਓਂ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਵੀ ਸ਼ੁੱਕਰਵਾਰ ਨੂੰ ਤੇਜਪਾਲ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।