ਜਲੰਧਰ- ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ, ਪੁਲਸ ਕੋਲ ਪਹੁੰਚੀ ਸ਼ਿਕਾਇਤ

ਉਸਨੇ ਦੱਸਿਆ ਕਿ ਉਸ ਦੀ ਮੁਲਾਕਾਤ ਦੋਸ਼ੀ ਨੌਜਵਾਨ ਨਾਲ ਇੱਕ ਦਿਨ ਮੰਦਿਰ ਮੱਥਾ ਟੇਕਣ ਜਾਣ ਦੌਰਾਨ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੀ ਆਪਸੀ ਗੱਲਬਾਤ ਵਧੀ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ। ਇਹ ਰਿਸ਼ਤਾ ਕਰੀਬ ਡੇਢ ਸਾਲ ਤੱਕ ਚੱਲਿਆ।
ਜਲੰਧਰ ਵਿੱਚ ਇੱਕ ਨੌਜਵਾਨ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਇੱਕ ਲੜਕੀ ਨਾਲ ਲੰਬੇ ਸਮੇਂ ਤੱਕ ਜਿਸਮਾਨੀ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਦੋਸ਼ੀ ਨੇ ਪਹਿਲਾਂ ਉਸ ਨਾਲ ਪਿਆਰ ਦਾ ਨਾਟਕ ਕੀਤਾ, ਉਸ ਦਾ ਭਰੋਸਾ ਜਿੱਤਿਆ ਅਤੇ ਫਿਰ ਮਹੀਨਿਆਂ ਤੱਕ ਗਲਤ ਸਬੰਧ ਬਣਾਏ। ਉਸਨੇ ਦੱਸਿਆ ਕਿ ਉਸ ਦੀ ਮੁਲਾਕਾਤ ਦੋਸ਼ੀ ਨੌਜਵਾਨ ਨਾਲ ਇੱਕ ਦਿਨ ਮੰਦਿਰ ਮੱਥਾ ਟੇਕਣ ਜਾਣ ਦੌਰਾਨ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੀ ਆਪਸੀ ਗੱਲਬਾਤ ਵਧੀ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ। ਇਹ ਰਿਸ਼ਤਾ ਕਰੀਬ ਡੇਢ ਸਾਲ ਤੱਕ ਚੱਲਿਆ।

ਸ਼ਿਕਾਇਤ ਅਨੁਸਾਰ, ਨੌਜਵਾਨ ਨੇ ਰਿਸ਼ਤਾ ਹੋਰ ਅੱਗੇ ਵਧਾਇਆ। ਉਸਨੇ ਪੀੜਤਾ ਨੂੰ ਆਪਣੇ ਘਰ ਬੁਲਾਇਆ ਅਤੇ ਆਪਣੀ ਮਾਂ ਨਾਲ ਮਿਲਵਾਇਆ। ਨੌਜਵਾਨ ਦੀ ਮਾਂ ਨੇ ਸ਼ਗਨ ਦੇ ਤੌਰ 'ਤੇ ਉਸ ਨੂੰ 1000 ਰੁਪਏ ਵੀ ਦਿੱਤੇ। ਇਸ ਤੋਂ ਬਾਅਦ ਦੋਸ਼ੀ ਆਪਣੇ ਪਰਿਵਾਰ ਨਾਲ ਲੜਕੀ ਦੇ ਘਰ ਪਹੁੰਚਿਆ ਅਤੇ ਵਿਆਹ ਦੀ ਗੱਲ ਕੀਤੀ ਪਰ ਪੀੜਤਾ ਦੇ ਪਰਿਵਾਰ ਨੇ ਵਿਆਹ ਇੱਕ ਸਾਲ ਬਾਅਦ ਕਰਨ ਲਈ ਕਿਹਾ। ਕੁਝ ਸਮੇਂ ਬਾਅਦ, ਦੋਸ਼ੀ ਨੌਜਵਾਨ ਫਿਰ ਆਇਆ ਅਤੇ ਕੁੜੀ ਨੂੰ ਆਪਣੇ ਨਾਲ ਲੈ ਗਿਆ। ਉਸ ਨੇ ਕਿਰਾਏ 'ਤੇ ਕਮਰਾ ਲੈਣ ਦੀ ਗੱਲ ਕਹੀ ਅਤੇ ਜਲਦੀ ਹੀ ਵਿਆਹ ਕਰਨ ਦਾ ਵਾਅਦਾ ਕੀਤਾ। ਪੀੜਤਾ ਦੇ ਪਰਿਵਾਰ ਨੇ ਭਰੋਸਾ ਕਰਕੇ ਆਪਣੀ ਧੀ ਨੂੰ ਭੇਜ ਦਿੱਤਾ।

ਪਰ ਕੁੜੀ ਅਨੁਸਾਰ ਕਿਰਾਏ ਦੇ ਕਮਰੇ ਵਿੱਚ ਰਹਿੰਦਿਆਂ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਮਹੀਨਿਆਂ ਤੱਕ ਉਸਦਾ ਜਿਸਮਾਨੀ ਸ਼ੋਸ਼ਣ ਕੀਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਹੋ ਗਈ ਤਾਂ ਦੋਸ਼ੀ ਦੀ ਮਾਂ ਨੇ ਉਸ ਨੂੰ ਦਵਾਈ ਦੇ ਕੇ ਗਰਭਪਾਤ ਕਰਵਾ ਦਿੱਤਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਲੇਰੀ ਕਾਰਵਾਈ ਜਾਂਚ ਦੇ ਆਧਾਰ 'ਤੇ ਕੀਤੀ ਜਾਵੇਗੀ।