ਜਲੰਧਰ ਪੁਲਿਸ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ

ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜਲੰਧਰ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ

ਜਲੰਧਰ: ਮਿਤੀ 24.10.2026 ਨੂੰ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਆਮ ਜਨਤਾ ਦੀ ਸਹੂਲਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪ੍ਰਬੰਧਾਂ ਸਬੰਧੀ ਰੂਟ ਪਲਾਨ ਤਿਆਰ ਕੀਤਾ ਗਿਆ ਹੈ।

ਜਾਰੀ ਕੀਤੇ ਗਏ ਰੂਟ ਪਲਾਨ ਅਨੁਸਾਰ ਸ਼ੋਭਾ ਯਾਤਰਾ ਮਿਤੀ 24.10.2026 ਨੂੰ ਅਲੀ ਮੁਹੱਲਾ ਤੋਂ ਸ਼ੁਰੂ ਹੋਵੇਗੀ। ਸ਼ੋਭਾ ਯਾਤਰਾ ਦਾ ਮੁੱਖ ਰੂਟ ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਪੀ.ਐਨ.ਬੀ. ਚੌਕ, ਮਿਲਾਪ ਚੌਕ, ਭਗਤ ਸਿੰਘ ਚੌਕ, ਕਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਟਾਂਡਾ ਚੌਕ, ਮਾਈ ਹੀਰਾਂ ਗੇਟ, ਸਰਕੂਲਰ ਰੋਡ, ਸਬਜ਼ੀ ਮੰਡੀ ਚੌਕ ਅਤੇ ਪਟੇਲ ਚੌਕ ਸਮੇਤ ਹੋਰ ਪ੍ਰਮੁੱਖ ਥਾਵਾਂ ਵਿੱਚੋਂ ਲੰਘ ਕੇ ਵਾਪਸ ਸ਼ੁਰੂਆਤੀ ਸਥਾਨ ’ਤੇ ਪਹੁੰਚੇਗੀ।

ਸ਼ੋਭਾ ਯਾਤਰਾ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਰਧਾਰਤ ਚੌਕਾਂ ’ਤੇ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਟ੍ਰੈਫਿਕ ਡਾਇਵਰਸ਼ਨ ਕੀਤੇ ਜਾਣਗੇ। ਰੂਟ ਪਲਾਨ ਵਿੱਚ ਵਰਕਸ਼ਾਪ ਚੌਕ, ਪਟੇਲ ਚੌਕ, ਕਪੂਰਥਲਾ ਚੌਕ, ਚਿਕ-ਚਿਕ ਚੌਕ, ਫੁੱਟਬਾਲ ਚੌਕ, ਦੋਮੋਰੀਆ ਪੁਲ, ਪ੍ਰਤਾਪ ਬਾਗ ਚੌਕ, ਜੀ.ਪੀ.ਓ. ਚੌਕ, ਦੋਆਬਾ ਚੌਕ, ਰੇਲਵੇ ਕਰਾਸਿੰਗ ਅੱਡਾ ਟਾਂਡਾ, ਰੇਲਵੇ ਕਰਾਸਿੰਗ ਅੱਡਾ ਹੁਸ਼ਿਆਰਪੁਰ, ਸਕਾਈਲਾਰਕ ਚੌਕ, ਨਾਨਕਦੇਵ ਚੌਕ ਅਤੇ ਡਾ. ਬੀ.ਆਰ. ਅੰਬੇਡਕਰ ਚੌਕ ਨੂੰ ਡਾਇਵਰਸ਼ਨ ਪੁਆਇੰਟਾਂ ਵਜੋਂ ਦਰਸਾਇਆ ਗਿਆ ਹੈ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾ ਕੇ ਰੱਖਣ, ਸੰਭਵ ਹੋਣ ’ਤੇ ਸ਼ੋਭਾ ਯਾਤਰਾ ਦੇ ਰੂਟ ਅਤੇ ਪ੍ਰਭਾਵਿਤ ਚੌਕਾਂ ਤੋਂ ਬਚਣ, ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਪੁਲਿਸ ਵੱਲੋਂ ਸੁਝਾਏ ਗਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

ਲੋਕਾਂ ਨੂੰ ਸ਼ੋਭਾ ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਆਯੋਜਨ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ। ਟ੍ਰੈਫਿਕ ਪ੍ਰਬੰਧਾਂ ਸਬੰਧੀ ਹੋਰ ਜਾਣਕਾਰੀ ਲਈ ਆਮ ਜਨਤਾ ਨੂੰ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਧਿਕਾਰਤ ਅਪਡੇਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।