ਜਲੰਧਰ ਕਾਂਡ: ਸੜਕਾਂ 'ਤੇ ਉਤਰੇ ਲੋਕ, ਪੁਲਸ ਅਧਿਕਾਰੀਆਂ ਖਿਲਾਫ ਦਿੱਤਾ ਧਰਨਾ

ਪੁਲਸ ਅਧਿਕਾਰੀਆਂ 'ਤੇ ਲੱਗੇ ਦੋਸ਼ ਮ੍ਰਿਤਕ ਕੁੜੀ ਦੇ ਪਰਿਵਾਰ ਅਤੇ ਹੋਰ ਲੋਕਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਸਨ।
ਪੰਜਾਬ ਦੇ ਜਲੰਧਰ ਵਿੱਚ 13 ਸਾਲ ਦੀ ਕੁੜੀ ਦੀ ਹੱਤਿਆ ਦਾ ਮਾਮਲਾ ਇੱਕ ਵਾਰ ਫਿਰ ਭਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਲੋਕ ਵੱਡੇ ਪੱਧਰ 'ਤੇ ਪੁਲਸ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਸ਼ਨੀਵਾਰ, 29 ਨਵੰਬਰ 2025 ਦੀ ਸਵੇਰ ਨੂੰ, ਪਾਰਸ ਅਸਟੇਟ ਦੇ ਸਥਾਨਕ ਲੋਕਾਂ ਨੇ ਲੈਦਰ ਕੰਪਲੈਕਸ ਰੋਡ 'ਤੇ ਗੰਦੇ ਨਾਲੇ ਦੇ ਨੇੜੇ ਇਕੱਠੇ ਹੋ ਕੇ ਧਰਨਾ ਦਿੱਤਾ। ਲੋਕਾਂ ਦੀ ਵੱਡੀ ਗਿਣਤੀ ਇਕੱਠੀ ਹੋਈ ਹੈ ਅਤੇ ਉਹ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।

ਪੁਲਸ ਅਧਿਕਾਰੀਆਂ 'ਤੇ ਲੱਗੇ ਦੋਸ਼ ਮ੍ਰਿਤਕ ਕੁੜੀ ਦੇ ਪਰਿਵਾਰ ਅਤੇ ਹੋਰ ਲੋਕਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਬੱਚੀ ਦੀ ਮੌਤ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਸਨ ਅਤੇ ਹੱਸ ਰਹੇ ਸਨ। ਸ਼ੁੱਕਰਵਾਰ ਨੂੰ, ਮ੍ਰਿਤਕ ਕੁੜੀ ਦੀ ਮਾਂ ਨੇ ਏਸੀਪੀ ਗਗਨਦੀਪ ਸਿੰਘ ਅਤੇ ਥਾਣਾ ਰਾਮਾਮੰਡੀ ਦੇ ਐਸਐਚਓ ਮਨਜਿੰਦਰ ਸਿੰਘ 'ਤੇ ਧਮਕਾਉਣ ਦੇ ਦੋਸ਼ ਲਗਾਏ ਸਨ। ਬੱਚੀ ਦੀ ਮਾਂ ਨੇ ਸ਼ਿਕਾਇਤ ਕੀਤੀ ਕਿ ਏਸੀਪੀ ਗਗਨਦੀਪ ਸਿੰਘ ਅਤੇ ਐਸਐਚਓ ਮਨਜਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਡਰਾਇਆ-ਧਮਕਾਇਆ।

ਉਨ੍ਹਾਂ ਨੇ ਪਰਿਵਾਰ ਨੂੰ ਕਿਹਾ ਕਿ ਜੇਕਰ ਏਐਸਆਈ ਮੰਗਤ ਰਾਮ ਅਤੇ ਪੁਲਸ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਦੇ ਪਰਿਵਾਰ ਦੇ ਸਰਕਾਰੀ ਮੁਲਾਜ਼ਮ ਨੂੰ ਖਤਰਾ ਪੈਦਾ ਕਰ ਦਿੱਤਾ ਜਾਵੇਗਾ। ਪੀੜਤਾ ਦੀ ਮਾਂ ਨੇ ਇਹ ਵੀ ਦੋਸ਼ ਲਾਇਆ ਕਿ ਦੋਵੇਂ ਅਧਿਕਾਰੀ ਉਨ੍ਹਾਂ ਦੀ ਕੁੜੀ ਦਾ ਮਜ਼ਾਕ ਉਡਾ ਰਹੇ ਸਨ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਕਤ ਪੁਲਸ ਮੁਲਾਜ਼ਮਾਂ ਤੋਂ ਉਨ੍ਹਾਂ ਨੂੰ ਅੱਜ ਵੀ ਖਤਰਾ ਹੈ। ਪੀੜਤ ਮਾਂ ਨੇ ਇਹ ਸ਼ਿਕਾਇਤ ਸੀਪੀ ਧਨਪ੍ਰੀਤ ਕੌਰ ਨੂੰ ਸੌਂਪੀ ਹੈ ਅਤੇ ਨਾਲ ਹੀ ਇਸ ਦੀਆਂ ਕਾਪੀਆਂ ਰਾਜਪਾਲ, ਡੀਜੀਪੀ, ਮੁੱਖ ਮੰਤਰੀ ਅਤੇ ਮਹਿਲਾ ਕਮਿਸ਼ਨ ਨੂੰ ਵੀ ਭੇਜੀਆਂ ਹਨ।

ਧਮਕੀ ਨਹੀਂ, ਸਿਰਫ਼ ਕਾਨੂੰਨੀ ਪ੍ਰਕਿਰਿਆ ਸਮਝਾਈ ਸੀ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਏਸੀਪੀ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਰਿਵਾਰ ਨੂੰ ਕਾਨੂੰਨੀ ਪ੍ਰਕਿਰਿਆ ਸਮਝਾਈ ਸੀ। ਏਸੀਪੀ ਨੇ ਭਰੋਸਾ ਦਿਵਾਇਆ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਐਸਐਚਓ ਮਨਜਿੰਦਰ ਸਿੰਘ ਨੇ ਵੀ ਕਿਸੇ ਵੀ ਧਮਕੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਪੁਲਸ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਹੀ ਦੱਸੀ ਸੀ।

ਵੀਡੀਓ ਵਿੱਚ ਪੁਲਿਸ ਮੁਲਾਜ਼ਮ ਹੱਸਦੇ ਆਏ ਨਜ਼ਰ ਇਸ ਘਟਨਾ ਦੇ ਦੂਜੇ ਦਿਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਸ ਕਰਮਚਾਰੀ ਅਤੇ ਗਲੀ ਦੀਆਂ ਔਰਤਾਂ ਵਿਚਕਾਰ ਬਹਿਸ ਹੋ ਰਹੀ ਹੈ। ਜਦੋਂ ਔਰਤਾਂ ਨੇ ਸਵਾਲ ਕੀਤਾ ਕਿ ਪੁਲਸ ਨੂੰ ਘਰ ਦੇ ਅੰਦਰ ਬੱਚੀ ਕਿਉਂ ਨਹੀਂ ਮਿਲੀ, ਜਦਕਿ ਲੋਕਾਂ ਨੇ ਉਸ ਨੂੰ ਲੱਭ ਲਿਆ। ਇਨ੍ਹਾਂ ਸਵਾਲਾਂ 'ਤੇ ਪੁਲਿਸ ਮੁਲਾਜ਼ਮ ਮੁਸਕਰਾਉਂਦੇ ਨਜ਼ਰ ਆਏ ਸਨ। ਜ਼ਿਕਰਯੋਗ ਹੈ ਕਿ ਇਸ 13 ਸਾਲਾ ਕੁੜੀ ਦੀ ਹੱਤਿਆ ਇੱਕ ਬੱਸ ਡਰਾਈਵਰ ਨੇ ਕੀਤੀ ਸੀ।