ਜਲੰਧਰ : ਤੇਜ਼ ਰਫ਼ਤਾਰ ਬੱਸ ਨੇ ਮੋਟਰ ਰੇਹੜੇ ਨੂੰ ਕੁਚਲਿਆ, ਮਾਂ-ਧੀ ਦੀ ਦਰਦਨਾਕ ਮੌਤ

ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਭੋਗਪੁਰ ਦੇ ਨਜ਼ਦੀਕ ਸੋਮਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਕ ਤੇਜ਼ ਰਫ਼ਤਾਰ ਬੱਸ ਨੇ ਸੜਕ ਪਾਰ ਕਰ ਰਹੇ ਮੋਟਰ ਰੇਹੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕੋ ਪਰਿਵਾਰ ਦੇ ਦੋ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ।
ਜਲੰਧਰ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਭੋਗਪੁਰ ਦੇ ਨਜ਼ਦੀਕ ਸੋਮਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਕ ਤੇਜ਼ ਰਫ਼ਤਾਰ ਬੱਸ ਨੇ ਸੜਕ ਪਾਰ ਕਰ ਰਹੇ ਮੋਟਰ ਰੇਹੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕੋ ਪਰਿਵਾਰ ਦੇ ਦੋ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ। 

ਹਾਦਸੇ 'ਚ ਉਜੜਿਆ ਪਰਿਵਾਰ
ਸਵੇਰੇ ਕਰੀਬ 4:22 ਵਜੇ ਭੋਗਪੁਰ ਵਿੱਚ ਚਾਵਲਾ ਸਵੀਟਸ ਦੇ ਸਾਹਮਣੇ ਹੋਏ ਇਸ ਹਾਦਸੇ ਵਿੱਚ ਪਿੰਕੀ ਅਤੇ ਉਸਦੀ ਬੇਟੀ ਯੋਇਦਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਹੋਰ ਛੋਟੀ ਬੇਟੀ ਅਬੀਦਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਸਿਵਲ ਹਸਪਤਾਲ ਕਾਲਾ ਬਕਰਾ ਭੇਜਿਆ ਗਿਆ। ਚਸ਼ਮਦੀਦਾਂ ਅਨੁਸਾਰ ਬੱਸ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਰੇਹੜੇ ਸਵਾਰ ਕਈ ਫੁੱਟ ਹਵਾ ਵਿੱਚ ਉਛਲ ਗਏ।

ਇਹ ਸਾਰੀ ਦਿਲ-ਕੰਬਾਊ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਬੱਸ ਦੀ ਭਿਆਨਕ ਰਫ਼ਤਾਰ ਅਤੇ ਟੱਕਰ ਦੀ ਭਿਆਨਕਤਾ ਸਾਫ਼ ਦਿਖਾਈ ਦੇ ਰਹੀ ਹੈ। ਟੱਕਰ ਮਾਰਨ ਤੋਂ ਬਾਅਦ ਮੁਲਜ਼ਮ ਬੱਸ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਭੋਗਪੁਰ ਦੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਫ਼ਰਾਰ ਬੱਸ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।