1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ! ਫੀਸਾਂ 'ਚ ਹੋਇਆ ਭਾਰੀ ਵਾਧਾ

ਕੇਂਦਰ ਸਰਕਾਰ ਨੇ ਲਗਭਗ 14 ਸਾਲਾਂ ਦੇ ਵਕਫੇ ਤੋਂ ਬਾਅਦ ਪਾਸਪੋਰਟ ਫੀਸਾਂ ਵਿਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ 'ਪਾਸਪੋਰਟ (ਸੋਧ) ਨਿਯਮ, 2026' ਅਨੁਸਾਰ ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਇਹ ਫੈਸਲਾ ਉਨ੍ਹਾਂ ਸਾਰੀਆਂ ਅਰਜ਼ੀਆਂ 'ਤੇ ਲਾਗੂ ਹੋਵੇਗਾ ਜੋ 1 ਜੁਲਾਈ ਜਾਂ ਉਸ ਤੋਂ ਬਾਅਦ ਜਮ੍ਹਾਂ ਕੀਤੀਆਂ ਜਾਣਗੀਆਂ।
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਲਗਭਗ 14 ਸਾਲਾਂ ਦੇ ਵਕਫੇ ਤੋਂ ਬਾਅਦ ਪਾਸਪੋਰਟ ਫੀਸਾਂ ਵਿਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ 'ਪਾਸਪੋਰਟ (ਸੋਧ) ਨਿਯਮ, 2026' ਅਨੁਸਾਰ ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਇਹ ਫੈਸਲਾ ਉਨ੍ਹਾਂ ਸਾਰੀਆਂ ਅਰਜ਼ੀਆਂ 'ਤੇ ਲਾਗੂ ਹੋਵੇਗਾ ਜੋ 1 ਜੁਲਾਈ ਜਾਂ ਉਸ ਤੋਂ ਬਾਅਦ ਜਮ੍ਹਾਂ ਕੀਤੀਆਂ ਜਾਣਗੀਆਂ।

ਆਮ ਤੇ ਤਤਕਾਲ ਪਾਸਪੋਰਟ ਦੇ ਨਵੇਂ ਰੇਟ
18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਲਈ 36 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਤਤਕਾਲ ਯੋਜਨਾ ਦੇ ਤਹਿਤ ਇਹੀ ਪਾਸਪੋਰਟ ਹੁਣ 3,500 ਰੁਪਏ ਦੀ ਬਜਾਏ 5,000 ਰੁਪਏ ਵਿੱਚ ਬਣੇਗਾ। ਇਸੇ ਤਰ੍ਹਾਂ, 60 ਪੰਨਿਆਂ ਵਾਲੇ ਪਾਸਪੋਰਟ ਦੀ ਆਮ ਫੀਸ 2,000 ਰੁਪਏ ਤੋਂ ਵਧਾ ਕੇ 3,500 ਰੁਪਏ ਅਤੇ ਤਤਕਾਲ ਸ਼੍ਰੇਣੀ ਦੀ ਫੀਸ 4,000 ਰੁਪਏ ਤੋਂ ਵਧਾ ਕੇ 6,000 ਰੁਪਏ ਕਰ ਦਿੱਤੀ ਗਈ ਹੈ।

ਨਾਬਾਲਗਾਂ ਤੇ ਗੁੰਮ ਹੋਏ ਪਾਸਪੋਰਟਾਂ ਲਈ ਫੀਸ
ਨਾਬਾਲਗ (18 ਸਾਲ ਤੋਂ ਘੱਟ) : 36 ਪੰਨਿਆਂ ਵਾਲੇ ਨਵੇਂ ਪਾਸਪੋਰਟ ਲਈ ਆਮ ਫੀਸ 1,750 ਰੁਪਏ ਅਤੇ ਤਤਕਾਲ ਫੀਸ 4,250 ਰੁਪਏ ਹੋਵੇਗੀ। ਜੇਕਰ ਕਿਸੇ ਦਾ 36 ਪੰਨਿਆਂ ਵਾਲਾ ਪਾਸਪੋਰਟ ਗੁੰਮ ਜਾਂ ਖਰਾਬ ਹੋ ਜਾਂਦਾ ਹੈ, ਤਾਂ ਉਸ ਨੂੰ ਨਵਾਂ ਬਣਵਾਉਣ ਲਈ ਆਮ ਸ਼੍ਰੇਣੀ ਵਿੱਚ 5,000 ਰੁਪਏ ਅਤੇ ਤਤਕਾਲ ਵਿੱਚ 7,500 ਰੁਪਏ ਦੇਣੇ ਪੈਣਗੇ। 60 ਪੰਨਿਆਂ ਲਈ ਇਹ ਫੀਸ ਕ੍ਰਮਵਾਰ 6,000 ਅਤੇ 8,500 ਰੁਪਏ ਹੋਵੇਗੀ।

ਹੋਰ ਸੇਵਾਵਾਂ 'ਤੇ ਵੀ ਵਧਿਆ ਖਰਚਾ
ਪੁਲਸ ਕਲੀਅਰੈਂਸ ਸਰਟੀਫਿਕੇਟ (PCC), ਸਰੈਂਡਰ ਸਰਟੀਫਿਕੇਟ ਅਤੇ ਗਲੋਬਲ ਐਂਟਰੀ ਪ੍ਰੋਗਰਾਮ ਦੀ ਫੀਸ ਹੁਣ ਭਾਰਤ ਵਿਚ 750 ਰੁਪਏ ਹੋਵੇਗੀ, ਜਦੋਂ ਕਿ ਵਿਦੇਸ਼ਾਂ ਵਿੱਚ ਇਸ ਲਈ 40 ਅਮਰੀਕੀ ਡਾਲਰ ਦੇਣੇ ਪੈਣਗੇ। 'ਸਰਟੀਫਿਕੇਟ ਆਫ ਆਈਡੈਂਟਿਟੀ' ਦੀ ਫੀਸ ਭਾਰਤ ਵਿੱਚ 1,000 ਰੁਪਏ ਨਿਰਧਾਰਤ ਕੀਤੀ ਗਈ ਹੈ। ਭਾਰਤ ਵਿੱਚ ਐਮਰਜੈਂਸੀ ਸਰਟੀਫਿਕੇਟ ਪਹਿਲਾਂ ਵਾਂਗ ਮੁਫ਼ਤ ਜਾਰੀ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪਾਸਪੋਰਟ ਫੀਸਾਂ ਵਿਚ ਇਸ ਤੋਂ ਪਹਿਲਾਂ ਸਾਲ 2012 ਵਿਚ ਸੋਧ ਕੀਤੀ ਗਈ ਸੀ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਸਪੋਰਟ ਮੁੱਖ ਤੌਰ 'ਤੇ ਇੱਕ ਯਾਤਰਾ ਦਸਤਾਵੇਜ਼ ਹੈ ਅਤੇ ਇਹ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਹੈ।