ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਹਥਿਆਰ ਤੇ ਹਵਾਲਾ ਰੈਕੇਟ ਦਾ ਪਰਦਾਫਾਸ਼! ਅਫਗਾਨੀ ਨਾਗਰਿਕ ਸਮੇਤ 7 ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਚਲਾਏ ਗਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਹਥਿਆਰ ਤੇ ਹਵਾਲਾ ਨੈੱਟਵਰਕ ਦਾ ਵੱਡਾ ਭਾਂਡਾ ਫੋੜਿਆ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਇੱਕ ਅਫਗਾਨ ਨਾਗਰਿਕ ਤੇ ਇੱਕ ਨਾਬਾਲਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਚਲਾਏ ਗਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਹਥਿਆਰ ਤੇ ਹਵਾਲਾ ਨੈੱਟਵਰਕ ਦਾ ਵੱਡਾ ਭਾਂਡਾ ਫੋੜਿਆ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਇੱਕ ਅਫਗਾਨ ਨਾਗਰਿਕ ਤੇ ਇੱਕ ਨਾਬਾਲਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਭਾਰੀ ਮਾਤਰਾ 'ਚ ਹਥਿਆਰ, ਹੈਰੋਇਨ ਤੇ ਨਕਦੀ ਬਰਾਮਦ
ਪੁਲਸ ਵੱਲੋਂ ਮੁਲਜ਼ਮਾਂ ਕੋਲੋਂ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ ਦੋ ਸਬ-ਮਸ਼ੀਨ ਗਨ ਵੀ ਸ਼ਾਮਲ ਹਨ। ਹਥਿਆਰਾਂ ਤੋਂ ਇਲਾਵਾ, ਪੁਲਸ ਨੇ ਲਗਭਗ 5.048 ਕਿਲੋਗ੍ਰਾਮ ਹੈਰੋਇਨ ਤੇ 30.38 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਜ਼ਬਤ ਕੀਤੀ ਹੈ। ਇੰਨੀ ਵੱਡੀ ਮਾਤਰਾ ਵਿਚ ਬਰਾਮਦਗੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਨੈੱਟਵਰਕ ਕਾਫੀ ਸੰਗਠਿਤ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਸੀ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਲੰਬੇ ਸਮੇਂ ਤੋਂ ਸਰਹੱਦ ਪਾਰ ਤੋਂ ਚਲਾਇਆ ਜਾ ਰਿਹਾ ਸੀ। ਇਸ ਗਿਰੋਹ ਦੇ ਤਾਰ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਨਾਲ ਜੁੜੇ ਹੋਏ ਸਨ, ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੈੱਟਵਰਕ ਨੂੰ ਨਿਰਦੇਸ਼ ਦਿੰਦੇ ਸਨ। ਇਹ ਨੈੱਟਵਰਕ ਭਾਰਤ ਵਿਚ ਅਪਰਾਧਿਕ ਅਨਸਰਾਂ ਤੱਕ ਹਥਿਆਰ, ਨਸ਼ੀਲੇ ਪਦਾਰਥ ਪਹੁੰਚਾਉਣ ਤੇ ਹਵਾਲਾ ਚੈਨਲਾਂ ਰਾਹੀਂ ਪੈਸੇ ਦਾ ਲੈਣ-ਦੇਣ ਕਰਨ ਲਈ ਸਰਗਰਮ ਸੀ।

ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਗਿਰੋਹ ਦੇ ਹੋਰ ਸਾਥੀਆਂ ਅਤੇ ਵਿਦੇਸ਼ੀ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ। ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੈੱਟਵਰਕ ਦੀਆਂ ਕੜੀਆਂ ਹੋਰ ਕਿਹੜੇ-ਕਿਹੜੇ ਅਪਰਾਧੀਆਂ ਅਤੇ ਸਥਾਨਾਂ ਨਾਲ ਜੁੜੀਆਂ ਹੋਈਆਂ ਹਨ।