ਰੂਸ ਤੋਂ ਤੇਲ ਖਰੀਦ 'ਤੇ ਭਾਰਤ ਨੂੰ ਮਿਲ ਸਕਦੀ ਹੈ ਛੋਟ, ਟਰੰਪ ਦੇ ਬਿਆਨ ਨਾਲ ਵਧੀਆਂ ਉਮੀਦਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਰੂਸੀ ਤੇਲ ਖਰੀਦਣ ਲਈ ਭਾਰਤ ਵਰਗੇ ਦੇਸ਼ਾਂ 'ਤੇ ਸੈਕੰਡਰੀ ਟੈਰਿਫ ਨਹੀਂ ਲਗਾ ਸਕਦਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਰੂਸੀ ਤੇਲ ਖਰੀਦਣ ਲਈ ਭਾਰਤ ਵਰਗੇ ਦੇਸ਼ਾਂ 'ਤੇ ਸੈਕੰਡਰੀ ਟੈਰਿਫ ਨਹੀਂ ਲਗਾ ਸਕਦਾ। ਇਸ ਨਾਲ ਇਨ੍ਹਾਂ ਖਦਸ਼ਿਆਂ ਨੂੰ ਕਾਫ਼ੀ ਹੱਦ ਤੱਕ ਖਤਮ ਕਰ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਜੇਕਰ ਅਮਰੀਕਾ ਵਾਧੂ ਆਰਥਿਕ ਪਾਬੰਦੀਆਂ ਲਗਾਉਂਦਾ ਹੈ ਤਾਂ ਭਾਰਤ ਇਸ ਦਾ ਸ਼ਿਕਾਰ ਹੋ ਸਕਦਾ ਹੈ। ਰੂਸ-ਯੂਕਰੇਨ ਯੁੱਧ ਦੇ ਕਾਰਨ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਇਸ ਦੇ ਬਾਵਜੂਦ, ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਖਰੀਦ ਰਿਹਾ ਹੈ, ਜਿਸ ਕਾਰਨ ਅਮਰੀਕਾ ਦੇ ਕੁਝ ਹਲਕਿਆਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਜੇਕਰ ਰੂਸ ਵਿਰੁੱਧ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਭਾਰਤ ਵਰਗੇ ਦੇਸ਼ਾਂ 'ਤੇ ਸੈਕੰਡਰੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਟਰੰਪ ਨੇ ਪੁਤਿਨ ਨਾਲ ਮੁਲਾਕਾਤ ਦੌਰਾਨ ਕੀ ਕਿਹਾ?

ਟਰੰਪ ਨੇ ਇਹ ਬਿਆਨ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਿੱਤਾ ਜਦੋਂ ਉਹ ਏਅਰ ਫੋਰਸ ਵਨ 'ਤੇ ਅਲਾਸਕਾ ਜਾ ਰਹੇ ਸਨ। ਇਸ ਯਾਤਰਾ ਦਾ ਉਦੇਸ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇੱਕ ਸਿਖਰ ਸੰਮੇਲਨ ਮੀਟਿੰਗ ਕਰਨਾ ਸੀ, ਜਿਸ ਵਿੱਚ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਕੋਈ ਠੋਸ ਸਮਝੌਤਾ ਨਹੀਂ ਹੋ ਸਕਿਆ। ਟਰੰਪ ਨੇ ਕਿਹਾ, "ਉਨ੍ਹਾਂ (ਪੁਤਿਨ) ਨੇ ਭਾਰਤ ਵਰਗਾ ਇੱਕ ਵੱਡਾ ਗਾਹਕ ਗੁਆ ਦਿੱਤਾ ਹੈ। ਭਾਰਤ, ਰੂਸ ਤੋਂ ਲਗਭਗ 40 ਫੀਸਦੀ ਤਕ ਤੇਲ ਖਰੀਦਦਾ ਸੀ। ਜੇਕਰ ਮੈਂ ਸੈਕੰਡਰੀ ਪਾਬੰਦੀਆਂ ਲਗਾਉਂਦਾ ਹਾਂ ਤਾਂ ਇਹ ਇੱਕ ਵੱਡਾ ਝਟਕਾ ਹੋਵੇਗਾ। ਹਾਲਾਂਕਿ ਮੈਨੂੰ ਅਜਿਹਾ ਕਰਨ ਦੀ ਜ਼ਰੂਰਤ ਸ਼ਾਇਦ ਨਾ ਪਵੇ।''

ਅਮਰੀਕੀ ਵਿੱਤ ਮੰਤਰੀ ਨੇ ਕੀ ਕਿਹਾ?

ਟਰੰਪ ਦੇ ਬਿਆਨ ਤੋਂ ਪਹਿਲਾਂ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਬਲੂਮਬਰਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਸੰਮੇਲਨ ਸਫਲ ਨਹੀਂ ਹੁੰਦਾ ਹੈ ਤਾਂ ਭਾਰਤ 'ਤੇ ਲਗਾਏ ਗਏ ਸੈਕੰਡਰੀ ਟੈਰਿਫ ਹੋਰ ਸਖ਼ਤ ਹੋ ਸਕਦੇ ਹਨ। ਉਨ੍ਹਾਂ ਕਿਹਾ, "ਅਸੀਂ ਪਹਿਲਾਂ ਹੀ ਰੂਸੀ ਤੇਲ ਖਰੀਦਣ ਲਈ ਭਾਰਤੀਆਂ 'ਤੇ ਟੈਰਿਫ ਲਗਾ ਚੁੱਕੇ ਹਾਂ ਅਤੇ ਜੇਕਰ ਚੀਜ਼ਾਂ ਸਹੀ ਦਿਸ਼ਾ ਵਿੱਚ ਨਹੀਂ ਜਾਂਦੀਆਂ ਤਾਂ ਅਸੀਂ ਇਸਨੂੰ ਵਧਾ ਸਕਦੇ ਹਾਂ।" ਵਿੱਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਬੰਦੀਆਂ ਸਥਾਈ ਨਹੀਂ ਹਨ, ਉਨ੍ਹਾਂ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।

ਭਾਰਤ 'ਤੇ 50 ਫੀਸਦੀ ਟੈਰਿਫ, ਸੱਚ ਕੀ ਹੈ?

ਟਰੰਪ ਪ੍ਰਸ਼ਾਸਨ ਤਹਿਤ ਭਾਰਤ 'ਤੇ ਕੁੱਲ 50 ਫੀਸਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਹੈ, ਜਿਸ ਵਿੱਚ ਰੂਸੀ ਤੇਲ ਦੀ ਖਰੀਦ 'ਤੇ 25 ਫੀਸਦੀ ਟੈਰਿਫ ਵੀ ਸ਼ਾਮਲ ਹੈ ਜੋ ਕਿ 27 ਅਗਸਤ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਸਤਾਵਿਤ ਹੈ ਜਾਂ ਜਾਂ ਤੈਅ ਹੋ ਚੁੱਕਾ ਹੈ।