ਪੰਜਾਬ ਦੇ ਇਸ ਜ਼ਿਲ੍ਹੇ ’ਚ ਕੱਲ੍ਹ ਸਕੂਲ ਤੇ ਕਾਲਜ ਰਹਿਣਗੇ ਬੰਦ

14 ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ, ਹੜ੍ਹ ਹੈਲਪਲਾਈਨ 0183-2229125 ਜਾਰੀ

ਜ਼ਿਲ੍ਹੇ 'ਚ ਲਗਾਤਾਰ ਹੋ ਰਹੀ ਬਾਰਿਸ਼ ਨੂੰ ਵੇਖਦੇ ਹੋਏ ਵਧੀਕ ਜ਼ਿਲ੍ਹਾ ਮਜਿਸਟਰੇਟ–ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਹੁਕਮ ਜਾਰੀ ਕੀਤੇ ਹਨ ਕਿ ਕੱਲ੍ਹ 27 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਜਿਵੇਂ ਕਿ ਸਕੂਲ ਅਤੇ ਕਾਲਜ, ਬੰਦ ਰਹਿਣਗੇ।

ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਅਗਲੇ 12 ਘੰਟਿਆਂ 'ਚ ਵਾਧੇ ਦੀ ਸੰਭਾਵਨਾ ਕਾਰਨ ਅਜਨਾਲਾ ਹਲਕੇ ਦੇ 14 ਪਿੰਡਾਂ ਨੂੰ ਸਾਵਧਾਨੀ ਵਜੋਂ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਾਲਾਂਕਿ ਬਿਆਸ ਦਰਿਆ ਦੀ ਸਥਿਤੀ ਇਸ ਵੇਲੇ ਸਥਿਰ ਹੈ ਪਰ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ 48 ਘੰਟਿਆਂ ਦੀ ਮੌਸਮੀ ਚੇਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ 24 ਘੰਟੇ ਮੁਸ਼ਤੈਦੀ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਟੀਮਾਂ ਤਿਆਰ ਹਨ।

ਜ਼ਿਲ੍ਹਾ ਵਾਸੀ ਕਿਸੇ ਵੀ ਪੁੱਛਗਿੱਛ ਜਾਂ ਹੜ੍ਹ ਨਾਲ ਸਬੰਧਤ ਜਾਣਕਾਰੀ ਲਈ ਹੜ੍ਹ ਕੰਟਰੋਲ ਰੂਮ ਦੇ ਨੰਬਰ 0183-2229125 ’ਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚਣ ਅਤੇ ਸੁਚੇਤ ਰਹਿਣ।