ਲੁਧਿਆਣਾ 'ਚ ਕਾਂਗਰਸੀ ਕੌਂਸਲਰ ਗੁਰਮੀਤ ਮੁੰਡੀਆਂ 'ਆਪ' 'ਚ ਸ਼ਾਮਲ, 14 ਦਿਨ ਪਹਿਲਾਂ ਹੋਇਆ ਸੀ ਪਰਚਾ

ਲੁਧਿਆਣਾ ਦੇ ਮੁੰਡੀਆਂ ਕਲਾਂ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਨੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ।
ਲੁਧਿਆਣਾ: ਲੁਧਿਆਣਾ ਦੇ ਮੁੰਡੀਆਂ ਕਲਾਂ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਨੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ। ਬੁੱਧਵਾਰ ਨੂੰ ਇੱਕ ਖੇਡ ਮੈਦਾਨ ਦੇ ਉਦਘਾਟਨ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਗੁਰਮੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 'ਆਪ' ਜੁਆਇਨ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੌਂਸਲਰ ਗੁਰਮੀਤ ਸਿੰਘ ਮੁੰਡੀਆਂ ਵਿਰੁੱਧ ਕਰੀਬ 14 ਦਿਨ ਪਹਿਲਾਂ ਧੋਖਾਧੜੀ ਦਾ ਗੰਭੀਰ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਹ ਕਾਰਵਾਈ ਮੋਤੀ ਲਾਲ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ। ਮੁਲਜ਼ਮ ਕੌਂਸਲਰ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 420 ਅਤੇ ਰਜਿਸਟ੍ਰੇਸ਼ਨ ਐਕਟ-1908 ਦੀ ਧਾਰਾ 82 ਤਹਿਤ ਥਾਣਾ ਜਮਾਲਪੁਰ ਵਿੱਚ ਐਫ.ਆਈ.ਆਰ. ਨੰਬਰ 0169 ਦਰਜ ਹੈ।

ਸ਼ਿਕਾਇਤਕਰਤਾ ਮੋਤੀ ਲਾਲ ਅਨੁਸਾਰ, ਗੁਰਮੀਤ ਸਿੰਘ ਨੇ ਤਾਜਪੁਰ ਰੋਡ ਸਥਿਤ ਆਪਣੀ ਕਲੋਨੀ ਵਿੱਚ ਉਸ ਨੂੰ ਇੱਕ ਪਲਾਟ ਦਿਖਾਇਆ ਸੀ ਅਤੇ 5 ਫਰਵਰੀ 2023 ਨੂੰ 70 ਵਰਗ ਗਜ਼ ਦੇ ਪਲਾਟ ਦਾ ਸੌਦਾ 4,48,000 ਰੁਪਏ ਵਿੱਚ ਤੈਅ ਹੋਇਆ ਸੀ। ਮੋਤੀ ਲਾਲ ਹੁਣ ਤੱਕ ਵੱਖ-ਵੱਖ ਕਿਸ਼ਤਾਂ ਵਿੱਚ ਕੁੱਲ 2,27,600 ਰੁਪਏ ਦਾ ਭੁਗਤਾਨ ਕੌਂਸਲਰ ਨੂੰ ਕਰ ਚੁੱਕਾ ਸੀ। ਜਦੋਂ ਉਸ ਨੇ ਬਾਕੀ ਰਕਮ ਦੇ ਕੇ ਰਜਿਸਟਰੀ ਕਰਵਾਉਣ ਦੀ ਗੱਲ ਕੀਤੀ, ਤਾਂ ਮੁਲਜ਼ਮ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ।

ਕੋਈ ਹੋਰ ਨਿਕਲਿਆ ਅਸਲੀ ਮਾਲਕ 
ਜਦੋਂ ਲੰਬੇ ਸਮੇਂ ਤੱਕ ਰਜਿਸਟਰੀ ਨਹੀਂ ਹੋਈ ਤਾਂ ਮੋਤੀ ਲਾਲ ਨੇ ਆਪਣੇ ਪੱਧਰ 'ਤੇ ਪੜਤਾਲ ਕੀਤੀ, ਜਿਸ ਵਿੱਚ ਖੁਲਾਸਾ ਹੋਇਆ ਕਿ ਗੁਰਮੀਤ ਸਿੰਘ ਉਸ ਜ਼ਮੀਨ ਦਾ ਅਸਲੀ ਮਾਲਕ ਨਹੀਂ ਹੈ। ਜ਼ਮੀਨ ਦੇ ਅਸਲੀ ਮਾਲਕ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਜਿੰਦਰ ਕੌਰ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਦਾ ਜ਼ਮੀਨ ਮਾਲਕਾਂ ਨਾਲ ਸੌਦਾ ਹੋਇਆ ਸੀ, ਪਰ ਭੁਗਤਾਨ ਨਾ ਹੋਣ ਕਾਰਨ ਅਪ੍ਰੈਲ 2020 ਵਿੱਚ ਹੀ ਰਜਿਸਟਰੀ ਰੁਕ ਗਈ ਸੀ। ਇਸ ਦੇ ਬਾਵਜੂਦ ਗੁਰਮੀਤ ਸਿੰਘ ਨੇ ਖੁਦ ਨੂੰ ਮਾਲਕ ਦੱਸ ਕੇ ਅੱਗੇ ਪਲਾਟ ਵੇਚ ਦਿੱਤਾ। 

ਪੁਲਿਸ ਕਮਿਸ਼ਨਰ ਦੇ ਹੁਕਮਾਂ 'ਤੇ ਹੋਈ ਜਾਂਚ ਤੋਂ ਬਾਅਦ 7 ਜੁਲਾਈ ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ। ਫਿਲਹਾਲ 'ਆਪ' ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਮਾਮਲਾ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।