ਜਲਾਲਾਬਾਦ 'ਚ ਬੱਚਿਆਂ ਨਾਲ ਭਰੀ ਸਕੂਲ ਵੈਨ ਖੇਤਾਂ 'ਚ ਪਲਟੀ, ਪਿਆ ਚੀਕ ਚਿਹਾੜਾ

ਜਲਾਲਾਬਾਦ ਖੇਤਰ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਜਾਣ ਵਾਲੀ ਲਿੰਕ ਸੜਕ 'ਤੇ ਇਕ ਭਿਆਨਕ ਹਾਦਸਾ ਹੋਣੋਂ ਟਲ ਗਿਆ। ਸੜਕ ਕੰਢੇ ਪੱਕੀ ਪਟਰੀ (ਬਰਮਾ) ਨਾ ਹੋਣ ਕਾਰਨ ਬੱਚਿਆਂ ਨਾਲ ਭਰੀ ਇਕ ਸਕੂਲ ਵੈਨ ਅਚਾਨਕ ਅਸੰਤੁਲਿਤ ਹੋ ਕੇ ਝੋਨੇ ਦੇ ਖੇਤਾਂ ਵਿਚ ਪਲਟ ਗਈ। ਹਾਦਸੇ ਦੇ ਸਮੇਂ ਵੈਨ ਵਿਚ ਕੁੱਲ 13 ਬੱਚੇ ਸਵਾਰ ਸਨ।
ਜਲਾਲਾਬਾਦ : ਜਲਾਲਾਬਾਦ ਖੇਤਰ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਜਾਣ ਵਾਲੀ ਲਿੰਕ ਸੜਕ 'ਤੇ ਇਕ ਭਿਆਨਕ ਹਾਦਸਾ ਹੋਣੋਂ ਟਲ ਗਿਆ। ਸੜਕ ਕੰਢੇ ਪੱਕੀ ਪਟਰੀ (ਬਰਮਾ) ਨਾ ਹੋਣ ਕਾਰਨ ਬੱਚਿਆਂ ਨਾਲ ਭਰੀ ਇਕ ਸਕੂਲ ਵੈਨ ਅਚਾਨਕ ਅਸੰਤੁਲਿਤ ਹੋ ਕੇ ਝੋਨੇ ਦੇ ਖੇਤਾਂ ਵਿਚ ਪਲਟ ਗਈ। ਹਾਦਸੇ ਦੇ ਸਮੇਂ ਵੈਨ ਵਿਚ ਕੁੱਲ 13 ਬੱਚੇ ਸਵਾਰ ਸਨ।

ਘਟਨਾ ਦੇ ਸਮੇਂ ਵੈਨ ਦੇ ਪਿੱਛੇ ਆ ਰਹੇ ਨੌਜਵਾਨ ਦੀਪੂ ਦੌਧੀ ਨੇ ਦੱਸਿਆ ਕਿ ਉਸ ਨੇ ਅੱਖੀਂ ਵੈਨ ਨੂੰ ਪਲਟਦੇ ਦੇਖਿਆ। ਬੱਚਿਆਂ ਦੀਆਂ ਚੀਕਾਂ ਸੁਣ ਕੇ ਉਹ ਤੁਰੰਤ ਮੌਕੇ 'ਤੇ ਪਹੁੰਚਿਆ ਅਤੇ ਨੇੜਲੇ ਖੇਤਾਂ ਵਿਚ ਕੰਮ ਕਰਦੇ ਪਿੰਡ ਵਾਸੀਆਂ ਨੂੰ ਆਵਾਜ਼ਾਂ ਮਾਰ ਕੇ ਬੁਲਾਇਆ। ਸਥਾਨਕ ਲੋਕਾਂ ਨੇ ਬਹੁਤ ਹੀ ਚੁਸਤੀ ਦਿਖਾਉਂਦੇ ਹੋਏ ਸਾਰੇ ਬੱਚਿਆਂ ਨੂੰ ਵੈਨ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਹਾਦਸੇ ਦੌਰਾਨ ਵੈਨ ਚਾਲਕ ਦਾ ਹੱਥ ਗੱਡੀ ਦੇ ਹੇਠਾਂ ਫਸ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ।

ਇਸ ਹਾਦਸੇ ਨੇ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਲਾਪਰਵਾਹੀ ਦੀ ਪੋਲ ਖੋਲ੍ਹ ਦਿੱਤੀ ਹੈ। ਪਿੰਡ ਚੱਕ ਸੁਖੇਰਾ ਦੇ ਸਰਪੰਚ ਖੈਰਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੇ ਖੇਤਾਂ ਨਾਲ ਲੱਗਦੀਆਂ ਸੜਕਾਂ ਦੀਆਂ ਪਟਰੀਆਂ ਨੂੰ ਕੱਟ ਕੇ ਆਪਣੇ ਖੇਤਾਂ ਵਿਚ ਮਿਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਕਾਗਜ਼ਾਂ ਵਿਚ 22 ਫੁੱਟ ਚੌੜੀ ਦਰਜ ਹੈ, ਪਰ ਅਸਲ ਵਿਚ ਇਸ ਦੀ ਚੌੜਾਈ ਸਿਰਫ਼ 11 ਫੁੱਟ ਹੀ ਰਹਿ ਗਈ ਹੈ। ਸੜਕ ਦੇ ਤੰਗ ਹੋਣ ਕਾਰਨ ਜਦੋਂ ਵੀ ਕੋਈ ਵਾਹਨ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਖੇਤਾਂ ਵਿਚ ਉਤਰ ਜਾਂਦਾ ਹੈ।

ਪ੍ਰਸ਼ਾਸਨ ਤੋਂ ਪੱਕੀਆਂ ਪਟਰੀਆਂ ਬਣਾਉਣ ਦੀ ਮੰਗ
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸੜਕਾਂ ਦੀ ਅਸਲ ਚੌੜਾਈ ਨੂੰ ਬਹਾਲ ਕਰਵਾਇਆ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਦੇ ਦੋਵਾਂ ਪਾਸਿਆਂ 'ਤੇ ਤੁਰੰਤ ਪੱਕੀਆਂ ਪਟਰੀਆਂ ਬਣਾਈਆਂ ਜਾਣ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸੇ ਦੁਬਾਰਾ ਨਾ ਵਾਪਰ ਸਕਣ ਅਤੇ ਬੱਚਿਆਂ ਦੀ ਜਾਨ ਖ਼ਤਰੇ ਵਿਚ ਨਾ ਪਵੇ।