ਅੰਮ੍ਰਿਤਸਰ 'ਚ ਪ੍ਰੇਮਿਕਾ ਨੇ ਚਚੇਰੇ ਭਰਾ ਨਾਲ ਮਿਲ ਕੇ ਪ੍ਰੇਮੀ ਨੂੰ ਜ਼ਿੰਦਾ ਸਾੜਿਆ, ਹਸਪਤਾਲ 'ਚ ਕਬੂਲਿਆ ਗੁਨਾਹ

ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਇੱਕ ਬੇਹੱਦ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਨੇ ਆਪਣੇ ਚਚੇਰੇ ਭਰਾ ਨਾਲ ਮਿਲ ਕੇ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ਵਿੱਚ ਪ੍ਰੇਮਿਕਾ ਅਤੇ ਉਸ ਦਾ ਭਰਾ ਵੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮਜੀਠਾ : ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਇੱਕ ਬੇਹੱਦ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਨੇ ਆਪਣੇ ਚਚੇਰੇ ਭਰਾ ਨਾਲ ਮਿਲ ਕੇ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ਵਿੱਚ ਪ੍ਰੇਮਿਕਾ ਅਤੇ ਉਸ ਦਾ ਭਰਾ ਵੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪ੍ਰੇਮ ਸਬੰਧਾਂ ਵਿੱਚ ਦਰਾਰ ਬਣੀ ਵਾਰਦਾਤ ਦਾ ਕਾਰਨ
ਮ੍ਰਿਤਕ ਦੀ ਪਛਾਣ ਪਿੰਡ ਬੱਲ ਖੁਰਦ ਦੇ ਰਹਿਣ ਵਾਲੇ ਸੰਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੰਦੀਪ ਸ਼ਾਦੀਸ਼ੁਦਾ ਸੀ, ਪਰ ਉਸ ਦੇ ਮਜੀਠਾ ਦੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਪਿਛਲੇ ਕੁਝ ਸਮੇਂ ਤੋਂ ਲੜਕੀ ਨੇ ਉਸ ਨਾਲ ਗੱਲਬਾਤ ਬੰਦ ਕਰਕੇ ਦੂਰੀ ਬਣਾ ਲਈ ਸੀ, ਜਿਸ ਕਾਰਨ ਸੰਦੀਪ ਕਾਫੀ ਨਾਰਾਜ਼ ਚੱਲ ਰਿਹਾ ਸੀ। ਜਦੋਂ ਉਹ ਲੜਕੀ ਨੂੰ ਮਿਲਣ ਆਇਆ ਤਾਂ ਉਸ ਨੂੰ ਅੱਗ ਲਗਾ ਦਿੱਤੀ ਗਈ।

ਪੁਲਿਸ ਜਾਂਚ ਵਿੱਚ ਵੱਡਾ ਖੁਲਾਸਾ
ਮਜੀਠਾ ਥਾਣੇ ਦੇ ਐੱਸ.ਐੱਚ.ਓ. ਕਰਮ ਪਾਲ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਇਸ ਮਾਮਲੇ ਨੂੰ ਆਤਮ-ਦਾਹ (ਖੁਦਕੁਸ਼ੀ) ਸਮਝਿਆ ਜਾ ਰਿਹਾ ਸੀ। ਪਰ ਹਸਪਤਾਲ ਵਿੱਚ ਦਾਖਲ ਲੜਕੀ ਅਤੇ ਉਸ ਦੇ ਚਚੇਰੇ ਭਰਾ ਨੇ ਪੁਲਿਸ ਕੋਲ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਹੀ ਸੰਦੀਪ ਨੂੰ ਅੱਗ ਲਗਾਈ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਹੱਤਿਆ ਦੇ ਅਸਲ ਕਾਰਨਾਂ ਅਤੇ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਤਾ ਲਗਾਇਆ ਜਾ ਸਕੇ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।