ਜੰਡਿਆਲਾ ਗੁਰੂ ਫਾਇਰਿੰਗ ਕਾਂਡ ਦੇ 36 ਘੰਟਿਆਂ 'ਚ ਪੁਲਸ ਮੁਕਾਬਲੇ ਤੋਂ ਬਾਅਦ ਮੁੱਖ ਮੁਲਜ਼ਮ ਲਵਪ੍ਰੀਤ ਰੂਪੀ ਕਾਬੂ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 36 ਘੰਟਿਆਂ ਦੇ ਅੰਦਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 36 ਘੰਟਿਆਂ ਦੇ ਅੰਦਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਹੋਏ ਪੁਲਸ ਮੁਕਾਬਲੇ ਵਿਚ ਮੁਲਜ਼ਮ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਨਾਕਾਬੰਦੀ ਦੌਰਾਨ ਪੁਲਸ 'ਤੇ ਚਲਾਈ ਗੋਲੀ
ਡੀ.ਐੱਸ.ਪੀ. ਬਲਜੀਤ ਸਿੰਘ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਰੂਪੀ (ਪੁੱਤਰ ਮੰਗਲ ਸਿੰਘ, ਨਿਵਾਸੀ ਜਯੋਤੀਸਰ) ਵਜੋਂ ਹੋਈ ਹੈ। ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਹਰਪਾਲ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਾਨੀਆਂ ਮੋੜ 'ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਜਦੋਂ ਮੋਟਰਸਾਈਕਲ 'ਤੇ ਸਵਾਰ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਪੁਲਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਆਤਮ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਮੁਲਜ਼ਮ ਜ਼ਖ਼ਮੀ ਹੋ ਗਿਆ।

ਜੇਲ੍ਹ ਦੀ ਰੰਜਿਸ਼ ਬਣੀ ਫਾਇਰਿੰਗ ਦਾ ਕਾਰਨ
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮੁਹੱਲੇ ਵਿਚ ਹੋਈ ਫਾਇਰਿੰਗ ਦੇ ਪਿੱਛੇ ਜੇਲ੍ਹ ਦੀ ਰੰਜਿਸ਼ ਸੀ। ਦਰਅਸਲ, ਅੰਮ੍ਰਿਤਸਰ ਜ਼ਿਲ੍ਹਾ ਜੇਲ੍ਹ ਵਿਚ ਬੰਦ ਬਲਜੀਤ ਸਿੰਘ ਉਰਫ਼ ਭੁੱਲੀ ਤੇ ਸਾਜਨ ਉਰਫ਼ ਕਾਨਾ ਵਿਚਕਾਰ 8 ਜੁਲਾਈ ਨੂੰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਇਸੇ ਰੰਜਿਸ਼ ਦੇ ਚਲਦਿਆਂ ਸਾਜਨ ਕਾਨਾ ਨੇ ਜੇਲ੍ਹ ਦੇ ਅੰਦਰੋਂ ਹੀ ਆਪਣੇ ਸਾਥੀਆਂ ਨੂੰ ਭੇਜ ਕੇ ਬਲਜੀਤ ਦੇ ਘਰ 'ਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿਵਾਇਆ ਸੀ।

ਅਪਰਾਧਿਕ ਪਿਛੋਕੜ ਤੇ ਬਰਾਮਦਗੀ
ਪੁਲਸ ਨੇ ਮੁਲਜ਼ਮ ਲਵਪ੍ਰੀਤ ਕੋਲੋਂ ਇੱਕ 30 ਬੋਰ ਦੀ ਮੈਗਜ਼ੀਨ ਵਾਲੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਰੂਪੀ ਇੱਕ ਪੇਸ਼ੇਵਰ ਅਪਰਾਧੀ ਹੈ ਅਤੇ ਉਸ ਵਿਰੁੱਧ ਪਹਿਲਾਂ ਹੀ 9 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਇਸ ਮਾਮਲੇ ਨਾਲ ਸਬੰਧਿਤ ਹੋਰ ਮੁਲਜ਼ਮਾਂ ਨੂੰ ਵੀ ਨਾਮਜ਼ਦ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।