LPG ਗਾਹਕਾਂ ਲਈ ਅਹਿਮ ਖ਼ਬਰ! ਘਰ ਜਾਂ ਸ਼ਹਿਰ ਬਦਲਣ ਵੇਲੇ ਗੈਸ ਕਨੈਕਸ਼ਨ ਲਈ ਨਵੇਂ ਨਿਯਮ ਲਾਗੂ

ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਗੈਸ ਕਨੈਕਸ਼ਨ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਹੋਣਾ ਹਰ ਗਾਹਕ ਲਈ ਬੇਹੱਦ ਜ਼ਰੂਰੀ ਹੈ।
ਨਵੀਂ ਦਿੱਲੀ : ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਗੈਸ ਕਨੈਕਸ਼ਨ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਹੋਣਾ ਹਰ ਗਾਹਕ ਲਈ ਬੇਹੱਦ ਜ਼ਰੂਰੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ, ਹੁਣ ਘਰ ਜਾਂ ਸ਼ਹਿਰ ਬਦਲਣ ਦੀ ਸਥਿਤੀ ਵਿੱਚ ਗੈਸ ਕਨੈਕਸ਼ਨ ਟ੍ਰਾਂਸਫਰ ਕਰਵਾਉਣ ਲਈ ਟ੍ਰਾਂਸਫਰ ਟਰਮੀਨੇਸ਼ਨ ਵਾਊਚਰ (TTV), ਪਛਾਣ ਪੱਤਰ ਅਤੇ ਨਵੇਂ ਪਤੇ ਦੇ ਸਬੂਤ ਵਰਗੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ।

ਕਨੈਕਸ਼ਨ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ
ਜੇਕਰ ਕੋਈ ਉਪਭੋਗਤਾ ਉਸੇ ਗੈਸ ਏਜੰਸੀ ਦੇ ਸਰਵਿਸ ਏਰੀਆ ਵਿੱਚ ਆਪਣਾ ਪਤਾ ਬਦਲਦਾ ਹੈ, ਤਾਂ ਸਿਰਫ਼ ਪਤਾ ਅਪਡੇਟ ਕਰਵਾਉਣ ਨਾਲ ਹੀ ਗੈਸ ਦੀ ਸਪਲਾਈ ਜਾਰੀ ਰਹੇਗੀ। ਹਾਲਾਂਕਿ, ਜੇਕਰ ਕੋਈ ਦੂਜੇ ਸ਼ਹਿਰ ਸ਼ਿਫਟ ਹੁੰਦਾ ਹੈ, ਤਾਂ ਉਸ ਨੂੰ ਪੁਰਾਣੀ ਏਜੰਸੀ ਕੋਲ ਸਿਲੰਡਰ ਅਤੇ ਰੈਗੂਲੇਟਰ ਜਮ੍ਹਾਂ ਕਰਵਾ ਕੇ ਆਪਣੀ ਸਕਿਓਰਿਟੀ ਰਾਸ਼ੀ ਵਾਪਸ ਲੈਣੀ ਪਵੇਗੀ ਅਤੇ TTV ਪ੍ਰਾਪਤ ਕਰਨਾ ਹੋਵੇਗਾ। ਨਵੀਂ ਗੈਸ ਏਜੰਸੀ ਵਿੱਚ TTV ਜਮ੍ਹਾਂ ਕਰਵਾਉਣ ਤੋਂ ਬਾਅਦ ਇਸਨੂੰ ਟ੍ਰਾਂਸਫਰ ਸਬਸਕ੍ਰਿਪਸ਼ਨ ਵਾਊਚਰ (TSV) ਵਿੱਚ ਬਦਲਿਆ ਜਾਵੇਗਾ ਅਤੇ ਗਾਹਕ ਨੂੰ ਇੱਕ ਨਵਾਂ ਕੰਜ਼ਿਊਮਰ ਨੰਬਰ ਜਾਰੀ ਕੀਤਾ ਜਾਵੇਗਾ।

LPG ਤੋਂ PNG ਵਿਚ ਬਦਲਾਅ ਲਈ 30 ਦਿਨਾਂ ਦੀ ਮੋਹਲਤ
ਸਰਕਾਰ ਨੇ LPG ਤੋਂ ਪਾਈਪਡ ਨੈਚੁਰਲ ਗੈਸ (PNG) ਵਿੱਚ ਤਬਦੀਲ ਹੋਣ ਲਈ ਵੀ ਨਵਾਂ ਨਿਯਮ ਲਾਗੂ ਕੀਤਾ ਹੈ। ਜਿਨ੍ਹਾਂ ਘਰਾਂ ਵਿੱਚ PNG ਕਨੈਕਸ਼ਨ ਚਾਲੂ ਹੋ ਚੁੱਕਾ ਹੈ, ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਆਪਣਾ ਪੁਰਾਣਾ LPG ਕਨੈਕਸ਼ਨ ਬੰਦ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਵਿਵਸਥਾ ਦਾ ਮੁੱਖ ਉਦੇਸ਼ ਇੱਕੋ ਘਰ ਵਿੱਚ ਦੋ ਤਰ੍ਹਾਂ ਦੀ ਗੈਸ ਦੀ ਬੇਲੋੜੀ ਵਰਤੋਂ ਨੂੰ ਰੋਕਣਾ ਅਤੇ ਗੈਸ ਵੰਡ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਹੈ।

PNG ਕਨੈਕਸ਼ਨਾਂ ਵਿਚ ਤੇਜ਼ੀ
ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਦੇਸ਼ ਭਰ ਵਿੱਚ 13.4 ਲੱਖ ਤੋਂ ਵੱਧ ਨਵੇਂ PNG ਕਨੈਕਸ਼ਨ ਜਾਰੀ ਕੀਤੇ ਗਏ ਹਨ। ਹਾਲਾਂਕਿ ਇਹ ਅੰਕੜਾ 60 ਲੱਖ ਨਵੇਂ ਕਨੈਕਸ਼ਨ ਦੇਣ ਦੇ ਟੀਚੇ ਦਾ ਲਗਭਗ 20 ਫੀਸਦੀ ਹੀ ਹੈ। ਅਧਿਕਾਰੀਆਂ ਨੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ LPG ਤੋਂ PNG ਵਿੱਚ ਬਦਲਣ ਤੋਂ ਪਹਿਲਾਂ ਆਪਣੇ ਸਥਾਨਕ ਗੈਸ ਵਿਤਰਕ ਤੋਂ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਜ਼ਰੂਰ ਲੈ ਲੈਣ ਅਤੇ ਸਾਰੇ ਟ੍ਰਾਂਸਫਰ ਦਸਤਾਵੇਜ਼ ਸੰਭਾਲ ਕੇ ਰੱਖਣ।