ਪੰਜਾਬ ਤੇ ਚੰਡੀਗੜ੍ਹ ਲਈ IMD ਦਾ ਅਲਰਟ, 18 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ, ਜਿਸ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੀਟ ਵੇਵ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ, ਜਿਸ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੀਟ ਵੇਵ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ, ਗਰਜ-ਚਮਕ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ।

ਤੇਜ਼ ਹਨੇਰੀ ਕਾਰਨ ਭਾਰੀ ਨੁਕਸਾਨ
ਪਿਛਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਅਤੇ ਮੀਂਹ ਨੇ ਕਈ ਥਾਵਾਂ 'ਤੇ ਤਬਾਹੀ ਮਚਾਈ ਹੈ। ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਇੱਕ ਡੇਅਰੀ ਫਾਰਮ ਦਾ ਟੀਨ ਸ਼ੈੱਡ ਡਿੱਗਣ ਕਾਰਨ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਲਗਭਗ 15 ਮੱਝਾਂ ਜ਼ਖਮੀ ਹੋ ਗਈਆਂ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਪਟਿਆਲਾ ਵਿੱਚ ਵੀ ਖਾਲਸਾ ਕਾਲਜ ਨੇੜੇ ਬਿਜਲੀ ਦੀਆਂ ਤਾਰਾਂ 'ਤੇ ਭਾਰੀ ਦਰੱਖਤ ਡਿੱਗਣ ਕਾਰਨ ਅੱਠ ਬਿਜਲੀ ਦੇ ਖੰਭੇ ਅਤੇ ਇੱਕ ਟ੍ਰਾਂਸਫਾਰਮਰ ਨੁਕਸਾਨਿਆ ਗਿਆ, ਜਿਸ ਨਾਲ ਇਲਾਕੇ ਦੀ ਬਿਜਲੀ ਸਪਲਾਈ ਅਤੇ ਆਵਾਜਾਈ ਪ੍ਰਭਾਵਿਤ ਹੋਈ।

18 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਮਾਨਸਾ, ਪਟਿਆਲਾ ਅਤੇ ਮੋਹਾਲੀ ਸਮੇਤ 18 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ 5.6 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ।

ਪੱਛਮੀ ਗੜਬੜੀ ਦਾ ਅਸਰ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਸੁਰਿੰਦਰ ਪਾਲ ਸਿੰਘ ਅਨੁਸਾਰ, ਇਹ ਮੌਸਮੀ ਤਬਦੀਲੀ ਪਾਕਿਸਤਾਨ ਵਾਲੇ ਪਾਸਿਓਂ ਸਰਗਰਮ ਹੋਏ ਪੱਛਮੀ ਵਿਛੋਭ (Western Disturbance) ਕਾਰਨ ਆਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਨਸੂਨ ਅਜੇ ਪੰਜਾਬ ਨਹੀਂ ਪਹੁੰਚਿਆ ਹੈ ਅਤੇ ਮੌਜੂਦਾ ਮੀਂਹ ਪੱਛਮੀ ਵਿਛੋਭ ਦਾ ਹੀ ਨਤੀਜਾ ਹੈ।

ਅਗਲੇ ਤਿੰਨ ਦਿਨਾਂ ਦਾ ਮੌਸਮ
ਵਿਭਾਗ ਮੁਤਾਬਕ 6, 7 ਅਤੇ 10 ਜੂਨ ਨੂੰ ਵੀ ਕਈ ਥਾਵਾਂ 'ਤੇ ਮੀਂਹ ਦੀ ਸੰਭਾਵਨਾ ਹੈ। 6 ਜੂਨ ਨੂੰ ਪਠਾਨਕੋਟ, ਬਠਿੰਡਾ, ਮੋਗਾ ਅਤੇ ਰੂਪਨਗਰ ਸਮੇਤ ਕਈ ਇਲਾਕਿਆਂ ਵਿੱਚ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਅਗਲੇ ਤਿੰਨ ਦਿਨਾਂ ਤੱਕ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਗਰਮੀ ਮੁੜ ਵਧ ਸਕਦੀ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।