ਘਟੀਆ ਹਰਕਤ 'ਤੇ ਉਤਰਿਆ ਪਾਕਿਸਤਾਨੀ ਦਿੱਗਜ, ਸੂਰਿਆਕੁਮਾਰ ਯਾਦਵ 'ਤੇ ਕੀਤਾ ਇਤਰਾਜ਼ਯੋਗ ਕੁਮੈਂਟ

ਪਾਕਿਸਤਾਨ ਦੇ ਸਾਬਕਾ ਖਿਡਾਰੀ ਮੁਹੰਮਦ ਯੂਸਫ਼ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ।

ਏਸ਼ੀਆ ਕੱਪ 2025 ਵਿੱਚ ਟੀਮ ਇੰਡੀਆ ਤੋਂ ਮਿਲੀ ਕਰਾਰੀ ਹਾਰ ਦੇ ਸਦਮੇ ਨੂੰ ਪਾਕਿਸਤਾਨ ਅਜੇ ਭੁੱਲ ਨਹੀਂ ਸਕਿਆ ਹੈ। ਹੁਣ ਪਾਕਿਸਤਾਨ ਦੇ ਖਿਡਾਰੀਆਂ ਨੇ ਗਾਲੀ-ਗਲੋਚ ਦਾ ਸਹਾਰਾ ਲਿਆ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀ ਮੁਹੰਮਦ ਯੂਸਫ਼ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਮੁਹੰਮਦ ਯੂਸਫ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਆਈਸੀਸੀ ਨੇ ਵੀ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਝਟਕਾ ਦਿੱਤਾ ਹੈ ਅਤੇ ਭਾਰਤ-ਪਾਕਿਸਤਾਨ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੰਜਾਬ ਸਰਕਾਰ ਨੇ ਲਾਏ ਸਿਹਤ ਕੈਂਪ, ਪਹਿਲੇ ਦਿਨ 51 ਹਜ਼ਾਰ ਲੋਕਾਂ ਦਾ ਹੋਇਆ ਇਲਾਜ

ਦਰਅਸਲ, ਪਾਕਿਸਤਾਨ ਦੇ ਖਿਡਾਰੀ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਤੋਂ ਨਾਰਾਜ਼ ਹਨ ਕਿਉਂਕਿ ਸੂਰਿਆ ਨੇ 14 ਸਤੰਬਰ ਨੂੰ ਹੋਏ ਮੈਚ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਟਾਸ ਦੌਰਾਨ ਅਤੇ ਮੈਚ ਤੋਂ ਬਾਅਦ ਵੀ, ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਦੂਰੀ ਬਣਾਈ ਰੱਖੀ। ਪਾਕਿਸਤਾਨ ਨੇ ਇਸ ਲਈ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਪੀਸੀਬੀ ਨੇ ਆਈਸੀਸੀ ਨੂੰ ਵੀ ਸ਼ਿਕਾਇਤ ਕੀਤੀ। ਪੀਸੀਬੀ ਨੇ ਦੋਸ਼ ਲਗਾਇਆ ਕਿ ਭਾਰਤੀ ਟੀਮ ਨੇ ਐਂਡੀ ਕਾਰਨ ਹੱਥ ਨਹੀਂ ਮਿਲਾਇਆ ਪਰ ਆਈਸੀਸੀ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਆਈਸੀਸੀ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੀਸੀਬੀ ਨੂੰ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਸੀ ਕਿ ਜੇਕਰ ਮੈਚ ਰੈਫਰੀ ਨੂੰ ਨਹੀਂ ਹਟਾਇਆ ਜਾਂਦਾ ਹੈ, ਤਾਂ ਉਹ ਬੁੱਧਵਾਰ (17 ਸਤੰਬਰ) ਨੂੰ ਯੂਏਈ ਵਿਰੁੱਧ ਮੈਚ ਨਹੀਂ ਖੇਡੇਗਾ ਅਤੇ ਏਸ਼ੀਆ ਕੱਪ ਦਾ ਬਾਈਕਾਟ ਕਰੇਗਾ।

ਸ਼ੋਇਬ ਅਖ਼ਤਰ ਨੇ ਵੀ ਉਠਾਏ ਸਵਾਲ

'ਹੱਥ ਮਿਲਾਉਣ ਦੇ ਵਿਵਾਦ' ਬਾਰੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸ਼ੋਇਬ ਅਖ਼ਤਰ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਘਰ ਵਿੱਚ ਵੀ ਲੜਾਈਆਂ ਹੁੰਦੀਆਂ ਹਨ। ਅਖ਼ਤਰ ਭਾਰਤੀ ਖਿਡਾਰੀਆਂ ਦੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਤੋਂ ਬਹੁਤ ਦੁਖੀ ਸਨ। ਉਨ੍ਹਾਂ ਨੇ ਇਸ ਨੂੰ ਖੇਡ ਦੀ ਭਾਵਨਾ ਦੇ ਵਿਰੁੱਧ ਕਿਹਾ।

ਕੀ ਗੰਭੀਰ ਨੇ ਖਿਡਾਰੀਆਂ ਨੂੰ ਨਿਰਦੇਸ਼ ਦਿੱਤੇ ਸਨ

ਮੀਡੀਆ ਰਿਪੋਰਟਾਂ ਅਨੁਸਾਰ, ਹੱਥ ਨਾ ਮਿਲਾਉਣ ਦਾ ਵਿਚਾਰ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦਾ ਸੀ। ਇਕ ਰਿਪੋਰਟ ਦੇ ਅਨੁਸਾਰ, ਗੰਭੀਰ ਨੇ ਕਥਿਤ ਤੌਰ 'ਤੇ ਭਾਰਤੀ ਖਿਡਾਰੀਆਂ ਨੂੰ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਸੀ। ਗੰਭੀਰ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਸੀ।

ਇਹ ਵੀ ਪੜ੍ਹੋ- ਕੇਪੀ ਮਾਮਲਾ : ਗ੍ਰੈਂਡ ਵਿਟਾਰਾ ਸਵਾਰ ਦੇ ਪਰਿਵਾਰ ਮੈਬਰਾਂ ਨੇ ਕੈਮਰੇ ਸਾਹਮਣੇ ਆ ਕੇ ਰੱਖਿਆ ਆਪਣਾ ਪੱਖ

ਤੁਹਾਨੂੰ ਦੱਸ ਦੇਈਏ ਕਿ 14 ਸਤੰਬਰ ਨੂੰ ਖੇਡੇ ਗਏ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ, ਟੀਮ ਇੰਡੀਆ ਹੁਣ ਸੁਪਰ-4 ਲਈ ਕੁਆਲੀਫਾਈ ਕਰ ਚੁੱਕੀ ਹੈ, ਜਦਕਿ ਸੁਪਰ-4 ਵਿੱਚ ਪਹੁੰਚਣ ਲਈ ਪਾਕਿਸਤਾਨ ਨੂੰ 17 ਸਤੰਬਰ ਨੂੰ ਯੂਏਈ ਵਿਰੁੱਧ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ।