ਲੁਧਿਆਣਾ ਦੇ ਟੋਲ ਪਲਾਜ਼ਾ 'ਤੇ ਗੁੰਡਾਗਰਦੀ! ਟੋਲ ਟੈਕਸ ਮੰਗਣ 'ਤੇ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ

ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਚੌਕੀਮਾਨ ਟੋਲ ਪਲਾਜ਼ਾ 'ਤੇ ਸ਼ੁੱਕਰਵਾਰ ਤੜਕੇ ਗੁੰਡਾਗਰਦੀ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਕੁਝ ਕਾਰ ਸਵਾਰ ਨੌਜਵਾਨਾਂ ਨੇ ਟੋਲ ਫੀਸ ਦੇਣ ਤੋਂ ਇਨਕਾਰ ਕਰਦਿਆਂ ਇੱਕ ਡਿਊਟੀ 'ਤੇ ਤਾਇਨਾਤ ਟੋਲ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਲੁਧਿਆਣਾ: ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਚੌਕੀਮਾਨ ਟੋਲ ਪਲਾਜ਼ਾ 'ਤੇ ਸ਼ੁੱਕਰਵਾਰ ਤੜਕੇ ਗੁੰਡਾਗਰਦੀ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਕੁਝ ਕਾਰ ਸਵਾਰ ਨੌਜਵਾਨਾਂ ਨੇ ਟੋਲ ਫੀਸ ਦੇਣ ਤੋਂ ਇਨਕਾਰ ਕਰਦਿਆਂ ਇੱਕ ਡਿਊਟੀ 'ਤੇ ਤਾਇਨਾਤ ਟੋਲ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਮਿਲੀ ਜਾਣਕਾਰੀ ਅਨੁਸਾਰ, ਕਾਰ ਸਵਾਰ ਨੌਜਵਾਨ ਟੋਲ ਪਲਾਜ਼ਾ ਤੋਂ ਬਿਨਾਂ ਪਰਚੀ ਕਟਵਾਏ ਨਿਕਲਣ ਦੀ ਜ਼ਿੱਦ ਕਰ ਰਹੇ ਸਨ। ਜਦੋਂ ਟੋਲ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਕਰਮਚਾਰੀ ਨੂੰ ਸੜਕ 'ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਕਰਮਚਾਰੀ ਮਦਦ ਲਈ ਚੀਕਦਾ ਰਿਹਾ, ਪਰ ਹਮਲਾਵਰ ਉਸ ਨੂੰ ਲਗਾਤਾਰ ਕੁੱਟਦੇ ਰਹੇ।

ਸੀਸੀਟੀਵੀ 'ਚ ਕੈਦ ਹੋਈ ਘਟਨਾ
ਇਹ ਸਾਰੀ ਵਾਰਦਾਤ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।

ਪੁਲਸ ਕੋਲ ਸ਼ਿਕਾਇਤ ਦਰਜ
ਪੀੜਤ ਕਰਮਚਾਰੀ ਹਰਜੀਤ ਸਿੰਘ ਨੇ ਇਸ ਘਟਨਾ ਬਾਰੇ ਤੁਰੰਤ ਟੋਲ ਪਲਾਜ਼ਾ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਉਹ ਪੁਲਸ ਕੋਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।