ਜਲੰਧਰ ਵਿੱਚ ਹਾਈ ਅਲਰਟ: ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 2,500 ਪੁਲਸ ਜਵਾਨ ਤਾਇਨਾਤ

ਜਲੰਧਰ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ

ਜਲੰਧਰ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਵੱਡੇ ਪੱਧਰ ’ਤੇ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ।

ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੋਣਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਲ 2,500 ਪੁਲਸ ਕਰਮਚਾਰੀ ਤਾਇਨਾਤ ਹਨ। ਇਹ ਪੁਲਸ ਬਲ 880 ਵੋਟਿੰਗ ਸੈਂਟਰਾਂ ਅਤੇ 1,126 ਵੋਟਿੰਗ ਬੂਥਾਂ ’ਤੇ 24 ਘੰਟੇ ਨਿਗਰਾਨੀ ਕਰ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ 65 ਸਥਾਨਾਂ ਨੂੰ ਅਤਿ-ਸੰਵੇਦਨਸ਼ੀਲ, 284 ਨੂੰ ਸੰਵੇਦਨਸ਼ੀਲ ਅਤੇ 531 ਨੂੰ ਗੈਰ-ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।

ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ 3 ਐੱਸ.ਪੀ., 12 ਡੀ.ਐੱਸ.ਪੀ. ਅਤੇ 15 ਐੱਸ.ਐੱਚ.ਓ. ਮੈਦਾਨ ਵਿੱਚ ਤਾਇਨਾਤ ਕੀਤੇ ਗਏ ਹਨ। ਹਰ ਸਬ-ਡਿਵੀਜ਼ਨ ਵਿੱਚ 2 ਡੀ.ਐੱਸ.ਪੀ. ਰੈਂਕ ਦੇ ਅਧਿਕਾਰੀ ਅਤੇ ਇੱਕ ਐੱਸ.ਪੀ. ਰੈਂਕ ਦਾ ਅਧਿਕਾਰੀ ਤਾਇਨਾਤ ਹੈ। ਉਪਮੰਡਲ ਅਧਿਕਾਰੀ ਅਤੇ ਐੱਸ.ਐੱਚ.ਓ. ਰਾਤ ਸਮੇਂ ਵੀ ਸਖ਼ਤ ਨਿਗਰਾਨੀ ਕਰ ਰਹੇ ਹਨ।

ਐੱਸ.ਐੱਸ.ਪੀ. ਵਿਰਕ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਦੀਆਂ ਦੇ ਕਿਨਾਰਿਆਂ, ਸੁੰਨਸਾਨ ਇਲਾਕਿਆਂ, ਸ਼ੱਕੀ ਥਾਵਾਂ ਅਤੇ ਬਾਜ਼ਾਰਾਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਫਲੈਗ ਮਾਰਚ, ਵੋਟਿੰਗ ਸੈਂਟਰਾਂ ਦੀ ਜਾਂਚ ਅਤੇ ਦਿਨ-ਰਾਤ ਨਾਕਾਬੰਦੀ ਜਾਰੀ ਹੈ। ਇਸ ਤੋਂ ਇਲਾਵਾ ਗੁਰਦੁਆਰਿਆਂ, ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਦਿਆਂ ਇੱਥੇ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ।

ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ 30 ਗਸ਼ਤੀ ਦਸਤੇ ਅਤੇ ਈ.ਆਰ.ਵੀ. ਟੀਮਾਂ 24 ਘੰਟੇ ਸਰਗਰਮ ਹਨ। ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਦੌਰਾਨ ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਤਹਿਤ 16 ਐਕਸਾਈਜ਼ ਐਕਟ ਦੇ ਮਾਮਲੇ ਦਰਜ ਕੀਤੇ ਗਏ ਹਨ।

ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਕਾਨੂੰਨ ਦੀ ਉਲੰਘਣਾ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਲੋਕ 112 ਹੈਲਪਲਾਈਨ ਜਾਂ ਜਲੰਧਰ ਦਿਹਾਤੀ ਪੁਲਸ ਕੰਟਰੋਲ ਨੰਬਰ 78373-40100 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲੰਧਰ ਦਿਹਾਤੀ ਪੁਲਸ ਨਿਰਪੱਖਤਾ ਅਤੇ ਪੂਰੀ ਸੁਰੱਖਿਆ ਨਾਲ ਚੋਣ ਪ੍ਰਕਿਰਿਆ ਸੰਪੰਨ ਕਰਵਾਉਣ ਲਈ ਵਚਨਬੱਧ ਹੈ।