ਹੀਰੋ ਦੇ ਵਿਡਾ ਇਲੈਕਟ੍ਰਿਕ ਸਕੂਟਰ ਨੇ ਰਚਿਆ ਇਤਿਹਾਸ! 3 ਲੱਖ ਵਿਕਰੀ ਦਾ ਅੰਕੜਾ ਕੀਤਾ ਪਾਰ

ਹੀਰੋ ਮੋਟੋਕਾਰਪ ਦੇ ਇਲੈਕਟ੍ਰਿਕ ਟੂ-ਵ੍ਹੀਲਰ ਬ੍ਰਾਂਡ ਵਿਡਾ (Vida) ਨੇ ਭਾਰਤੀ ਬਾਜ਼ਾਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਕੰਪਨੀ ਨੇ ਨਵੰਬਰ 2022 ਤੋਂ 1 ਅਗਸਤ 2026 ਦੇ ਦਰਮਿਆਨ ਕੁੱਲ 3,00,458 ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਕਰਕੇ 3 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ।
ਨਵੀਂ ਦਿੱਲੀ : ਹੀਰੋ ਮੋਟੋਕਾਰਪ ਦੇ ਇਲੈਕਟ੍ਰਿਕ ਟੂ-ਵ੍ਹੀਲਰ ਬ੍ਰਾਂਡ ਵਿਡਾ (Vida) ਨੇ ਭਾਰਤੀ ਬਾਜ਼ਾਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਕੰਪਨੀ ਨੇ ਨਵੰਬਰ 2022 ਤੋਂ 1 ਅਗਸਤ 2026 ਦੇ ਦਰਮਿਆਨ ਕੁੱਲ 3,00,458 ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਕਰਕੇ 3 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਫਲਤਾ ਦੀ ਖਾਸ ਗੱਲ ਇਹ ਹੈ ਕਿ ਜਿੱਥੇ ਪਹਿਲੇ 1 ਲੱਖ ਸਕੂਟਰ ਵੇਚਣ ਵਿੱਚ ਕੰਪਨੀ ਨੂੰ 33 ਮਹੀਨੇ ਲੱਗੇ, ਉੱਥੇ ਹੀ ਪਿਛਲੇ ਸਿਰਫ 12 ਮਹੀਨਿਆਂ ਵਿੱਚ ਹੀ 2 ਲੱਖ ਯੂਨਿਟਸ ਵੇਚ ਦਿੱਤੇ ਗਏ ਹਨ।

ਵਿਕਰੀ ਦੀ ਰਫ਼ਤਾਰ ਵਿੱਚ ਤੇਜ਼ੀ
ਕੰਪਨੀ ਦੀ ਵਿਕਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਵਿਡਾ ਸਕੂਟਰਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। 1 ਲੱਖ ਤੋਂ 2 ਲੱਖ ਯੂਨਿਟਸ ਤੱਕ ਪਹੁੰਚਣ ਲਈ ਕੰਪਨੀ ਨੂੰ ਸਿਰਫ 7 ਮਹੀਨੇ ਲੱਗੇ, ਜਦਕਿ 2 ਲੱਖ ਤੋਂ 3 ਲੱਖ ਤੱਕ ਪਹੁੰਚਣ ਵਿੱਚ ਮਹਿਜ਼ 5 ਮਹੀਨੇ ਲੱਗੇ ਹਨ। ਜੁਲਾਈ 2026 ਕੰਪਨੀ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਮਹੀਨਾ ਰਿਹਾ ਹੈ, ਜਿਸ ਵਿੱਚ ਕੁੱਲ 22,883 ਸਕੂਟਰਾਂ ਦੀ ਵਿਕਰੀ ਹੋਈ। 

ਮਾਰਕੀਟ ਵਿੱਚ ਵਧੀ ਹਿੱਸੇਦਾਰੀ
ਸਾਲ 2024 ਵਿੱਚ ਭਾਰਤੀ ਇਲੈਕਟ੍ਰਿਕ ਟੂ-ਵ੍ਹੀਲਰ ਮਾਰਕੀਟ ਵਿੱਚ ਵਿਡਾ ਦੀ ਹਿੱਸੇਦਾਰੀ ਸਿਰਫ 4 ਫੀਸਦੀ ਸੀ, ਜੋ ਇਸ ਸਾਲ ਹੁਣ ਤੱਕ ਵਧ ਕੇ 11 ਫੀਸਦੀ ਹੋ ਗਈ ਹੈ। ਵਰਤਮਾਨ ਵਿੱਚ, ਵਿਡਾ ਈਵੀ ਸੈਕਟਰ ਵਿੱਚ ਚੌਥਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਹੈ, ਜਦੋਂ ਕਿ ਟੀਵੀਐਸ ਮੋਟਰ ਕੰਪਨੀ ਦੇਸ਼ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਟੂ-ਵ੍ਹੀਲਰ ਬ੍ਰਾਂਡ ਹੈ, ਜਿਸ ਤੋਂ ਬਾਅਦ ਬਜਾਜ ਆਟੋ ਅਤੇ ਏਥਰ ਐਨਰਜੀ ਦਾ ਨੰਬਰ ਆਉਂਦਾ ਹੈ।

ਰੇਂਜ ਅਤੇ ਤਕਨੀਕੀ ਵਿਸ਼ੇਸ਼ਤਾਵਾਂ
ਵਿਡਾ ਸਕੂਟਰਾਂ ਦੀ ਵੱਧਦੀ ਲੋਕਪ੍ਰਿਯਤਾ ਦਾ ਇੱਕ ਮੁੱਖ ਕਾਰਨ ਇਨ੍ਹਾਂ ਦੀ ਸ਼ਾਨਦਾਰ ਰੇਂਜ ਅਤੇ ਪਾਵਰ ਹੈ। ਕੰਪਨੀ ਦੇ ਕੁਝ ਮਾਡਲ 187 ਕਿਲੋਮੀਟਰ ਤੱਕ ਦੀ ਰੇਂਜ ਅਤੇ ਡਬਲ ਬੈਟਰੀ ਦੀ ਸਹੂਲਤ ਪ੍ਰਦਾਨ ਕਰਦੇ ਹਨ। ਹੀਰੋ ਮੋਟੋਕਾਰਪ ਵੱਲੋਂ 5,900 ਤੋਂ ਵੱਧ ਲੋਕੇਸ਼ਨਾਂ 'ਤੇ ਚਾਰਜਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਦੇਸ਼ ਭਰ ਦੇ 415 ਸ਼ਹਿਰਾਂ ਵਿੱਚ ਵਿਡਾ ਦੇ 900 ਟੱਚਪੁਆਇੰਟਸ ਅਤੇ 700 ਤੋਂ ਵੱਧ ਡੀਲਰ ਮੌਜੂਦ ਹਨ।

ਮਾਹਿਰਾਂ ਅਨੁਸਾਰ, ਸਾਲ 2026 ਵਿਡਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਾਲ ਹੋ ਸਕਦਾ ਹੈ, ਜਿਸ ਵਿੱਚ ਕੰਪਨੀ 2.25 ਲੱਖ ਯੂਨਿਟਸ ਵੇਚਣ ਦਾ ਅੰਦਾਜ਼ਾ ਲਗਾ ਰਹੀ ਹੈ।