ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ! ਜਲੰਧਰ 'ਚ ਸਵੇਰ ਤੋਂ ਤੇਜ਼ ਬਾਰਿਸ਼

ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਵੀਰਵਾਰ ਸਵੇਰ ਤੋਂ ਹੀ ਜਲੰਧਰ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੋਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ਸ਼ਾਮਲ ਹਨ।
ਚੰਡੀਗੜ੍ਹ : ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਵੀਰਵਾਰ ਸਵੇਰ ਤੋਂ ਹੀ ਜਲੰਧਰ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੋਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ਸ਼ਾਮਲ ਹਨ।

ਤਾਪਮਾਨ ਵਿੱਚ ਵਾਧਾ ਅਤੇ ਪਿਛਲੇ 24 ਘੰਟਿਆਂ ਦਾ ਹਾਲ
ਮੀਂਹ ਦੇ ਬਾਵਜੂਦ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਬਠਿੰਡਾ 39.2 ਡਿਗਰੀ ਸੈਲਸੀਅਸ ਦੇ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਜੇਕਰ ਪਿਛਲੇ ਦਿਨ ਦੀ ਗੱਲ ਕਰੀਏ ਤਾਂ 5 ਅਗਸਤ ਨੂੰ ਸਭ ਤੋਂ ਵੱਧ 12 ਮਿਲੀਮੀਟਰ ਮੀਂਹ ਬਰਨਾਲਾ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 6 ਮਿਲੀਮੀਟਰ, ਗੁਰਦਾਸਪੁਰ ਵਿੱਚ 2 ਮਿਲੀਮੀਟਰ ਅਤੇ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਵਿੱਚ 1.5 ਮਿਲੀਮੀਟਰ ਬਾਰਿਸ਼ ਹੋਈ। 

ਮੌਸਮ ਵਿਭਾਗ ਮਾਹਰਾਂ ਅਨੁਸਾਰ, ਉੱਤਰ ਭਾਰਤ ਵਿੱਚੋਂ ਮਾਨਸੂਨ ਟਰਫ ਗੁਜ਼ਰ ਰਹੀ ਹੈ ਅਤੇ ਵੈਸਟਰਨ ਡਿਸਟਰਬੈਂਸ ਦਾ ਅਸਰ ਵੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਯੂਪੀ ਅਤੇ ਹਰਿਆਣਾ ਉੱਪਰ ਬਣੇ ਘੱਟ ਦਬਾਅ ਦੇ ਖੇਤਰ (ਸਾਈਕਲੋਨਿਕ ਸਰਕੂਲੇਸ਼ਨ) ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਮੀ ਵਧ ਗਈ ਹੈ। ਇਸ ਕਾਰਨ ਅਗਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 

ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ
ਗਰਮੀ ਅਤੇ ਹੁੰਮਸ ਵਧਣ ਕਾਰਨ ਸੂਬੇ ਵਿੱਚ ਬਿਜਲੀ ਦੀ ਖਪਤ ਵੀ ਕਾਫ਼ੀ ਵਧ ਗਈ ਹੈ। ਬਿਜਲੀ ਦੀ ਮੰਗ 14,603 ਮੈਗਾਵਾਟ ਦਰਜ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਨੇ 4,683 ਮੈਗਾਵਾਟ ਬਿਜਲੀ ਖੁਦ ਪੈਦਾ ਕੀਤੀ, ਜਦੋਂ ਕਿ ਬਾਕੀ 9,921 ਮੈਗਾਵਾਟ ਬਿਜਲੀ ਕੇਂਦਰੀ ਗਰਿੱਡ ਤੋਂ ਪ੍ਰਾਪਤ ਕੀਤੀ ਗਈ।

ਡੈਮਾਂ ਦੀ ਸਥਿਤੀ ਸੁਰੱਖਿਅਤ
ਰਾਹਤ ਦੀ ਗੱਲ ਇਹ ਹੈ ਕਿ ਸੂਬੇ ਦੇ ਡੈਮਾਂ ਦਾ ਜਲ ਪੱਧਰ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ। ਭਾਖੜਾ ਡੈਮ ਦਾ ਜਲ ਪੱਧਰ 1,607.17 ਫੁੱਟ ਹੈ, ਜੋ ਖ਼ਤਰੇ ਦੇ ਨਿਸ਼ਾਨ (1,680 ਫੁੱਟ) ਤੋਂ ਕਰੀਬ 72.83 ਫੁੱਟ ਹੇਠਾਂ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਜਲ ਪੱਧਰ ਵੀ ਖ਼ਤਰੇ ਦੇ ਨਿਸ਼ਾਨ ਤੋਂ 46.4 ਫੁੱਟ ਹੇਠਾਂ 1,343.6 ਫੁੱਟ 'ਤੇ ਬਣਿਆ ਹੋਇਆ ਹੈ।