ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਸਕੂਲ- ਕਾਲਜ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੌਸਮ ਦੌਰਾਨ ਭਾਰੀ ਤਬਾਹੀ ਹੋ ਰਹੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਲਾਗ ਘਾਟੀ 'ਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ।

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੌਸਮ ਦੌਰਾਨ ਭਾਰੀ ਤਬਾਹੀ ਹੋ ਰਹੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਲਾਗ ਘਾਟੀ 'ਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, 3 ਦੁਕਾਨਾਂ, ਪੁਲ ਅਤੇ ਬਾਗ ਵਹਿ ਗਏ ਹਨ। ਜਿਸ ਤੋਂ ਬਾਅਦ ਕੁੱਲੂ ਅਤੇ ਬੰਜਾਰ 'ਚ ਸਕੂਲ ਅਤੇ ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇੱਕ ਸਥਾਨਕ ਨਿਵਾਸੀ ਨੇ ਇਸ ਦੀ ਵੀਡੀਓ ਬਣਾਈ, ਜਿਸ 'ਚ ਦੱਸਿਆ ਗਿਆ ਕਿ ਕਾਨੂਨ ਪਿੰਡ ਵਿੱਚ ਬੂਬੂ ਨਾਲਾ 'ਤੇ ਬਣਿਆ ਪੁਲ ਵਹਿ ਗਿਆ ਅਤੇ ਤਿੰਨ ਦੁਕਾਨਾਂ ਸੜ ਗਈਆਂ। ਇਸ ਤੋਂ ਪਹਿਲਾਂ, ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਦੀ ਇੱਕ ਘਟਨਾ ਸਾਹਮਣੇ ਆਈ ਸੀ, ਜਿਸ 'ਚ ਕਈ ਲੋਕ ਫਸ ਗਏ ਸਨ।

2 ਰਾਸ਼ਟਰੀ ਰਾਜਮਾਰਗਾਂ ਸਮੇਤ 389 ਸੜਕਾਂ ਬੰਦ

ਕੁੱਲੂ ਦੀ ਲਾਗ ਘਾਟੀ 'ਚ ਬੱਦਲ ਫਟਣ ਨਾਲ ਦੁਕਾਨਾਂ, ਜ਼ਮੀਨ ਅਤੇ ਫਸਲਾਂ ਤਬਾਹ ਹੋ ਗਈਆਂ ਹਨ। ਇਕ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਜਾਰੀ ਹੈ, ਜਿਸ ਕਾਰਨ ਪਹਾੜੀ ਸੂਬੇ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। 2 ਰਾਸ਼ਟਰੀ ਰਾਜਮਾਰਗਾਂ ਸਮੇਤ 389 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।

ਹਿਮਾਚਲ 'ਚ ਕਈ ਵਾਰ ਬੱਦਲ ਫਟਣ ਦੀਆਂ ਘਟਨਾਵਾਂ ਹਨ ਵਾਪਰੀਆਂ

ਇਸ ਮਾਨਸੂਨ 'ਚ ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕੁਝ ਦਿਨ ਪਹਿਲਾਂ, ਕਿਨੌਰ ਵਿੱਚ ਵੀ ਬੱਦਲ ਫਟਣ ਦੀ ਘਟਨਾ ਵਾਪਰੀ ਸੀ, ਜਿਸ 'ਚ ਆਈਟੀਬੀਪੀ ਦੀ 17ਵੀਂ ਬਟਾਲੀਅਨ ਨੂੰ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਬਚਾਅ ਕਾਰਜ 'ਚ 413 ਤੋਂ ਵੱਧ ਜਾਨਾਂ ਬਚਾਈਆਂ ਗਈਆਂ। ਜਾਣਕਾਰੀ ਅਨੁਸਾਰ, ਇਹ ਸਾਰੇ ਸ਼ਰਧਾਲੂ ਸਨ ਜੋ ਕੈਲਾਸ਼ ਯਾਤਰਾ ਲਈ ਆਏ ਸਨ।