ਜੀਐਨਏ ਯੂਨੀਵਰਸਿਟੀ ਵੱਲੋਂ FANUC ਸੈਂਟਰ ਆਫ਼ ਐਕਸੀਲੈਂਸ ਅਧੀਨ ਪੰਜਾਬ ਦੀ ਪਹਿਲੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦਾ ਉਦਘਾਟਨ, FANUC ਇੰਡੀਆ ਨਾਲ ਐਮਓਯੂ 'ਤੇ ਦਸਤਖ਼ਤ

ਇੰਡਸਟਰੀ 4.0 ਸਿੱਖਿਆ ਅਤੇ ਐਡਵਾਂਸਡ ਮੈਨੂਫੈਕਚਰਿੰਗ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਜੀਐਨਏ ਯੂਨੀਵਰਸਿਟੀ ਨੇ ਸਕੂਲ ਆਫ਼ ਇੰਜੀਨੀਅਰਿੰਗ

ਇੰਡਸਟਰੀ 4.0 ਸਿੱਖਿਆ ਅਤੇ ਐਡਵਾਂਸਡ ਮੈਨੂਫੈਕਚਰਿੰਗ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਜੀਐਨਏ ਯੂਨੀਵਰਸਿਟੀ ਨੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਵਿੱਚ FANUC ਸੈਂਟਰ ਆਫ਼ ਐਕਸੀਲੈਂਸ (CoE) ਅਧੀਨ ਪੰਜਾਬ ਦੀ ਪਹਿਲੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦਾ ਉਦਘਾਟਨ ਕੀਤਾ। ਇਸ ਅਤਿ-ਆਧੁਨਿਕ ਲੈਬ ਦਾ ਉਦਘਾਟਨ ਚਾਂਸਲਰ ਸ੍ਰੀ ਗੁਰਦੀਪ ਸਿੰਘ ਸਿਹਰਾ ਅਤੇ ਸ੍ਰੀ ਵਿਨੈ ਕੁਮਾਰ ਐਮ.ਕੇ., ਵਾਈਸ ਪ੍ਰੈਜ਼ੀਡੈਂਟ – HR, BD & IIR, FANUC ਇੰਡੀਆ ਲਿਮਿਟੇਡ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ-ਚਾਂਸਲਰ ਸੁਸ਼ਰੀ ਜਸਲੀਨ ਸਿਹਰਾ, ਵਾਈਸ-ਚਾਂਸਲਰ ਡਾ. ਹੇਮੰਤ ਸ਼ਰਮਾ, ਡੀਨ ਅਕਾਦਮਿਕਸ ਡਾ. ਮੋਨਿਕਾ ਹੰਸਪਾਲ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ, ਡਾ. ਸੀ. ਆਰ. ਤ੍ਰਿਪਾਠੀ, ਰਜਿਸਟਰਾਰ ਡਾ. ਕੁਣਾਲ ਬੈਂਸ, ਸ੍ਰੀ ਅੰਕਿਤ ਤ੍ਰਿਪਾਠੀ, ਅਸਿਸਟੈਂਟ ਮੈਨੇਜਰ – BD, FANUC ਇੰਡੀਆ ਪ੍ਰਾਈਵੇਟ ਲਿਮਿਟੇਡ, ਸ੍ਰੀ ਵਿਕਰਮਜੀਤ ਸਿੰਘ, ਅਸਿਸਟੈਂਟ ਮੈਨੇਜਰ – ਸੇਲਜ਼, FANUC ਇੰਡੀਆ, ਸ੍ਰੀ ਪ੍ਰਤੀਕ ਵਾਧਾਵਨ, ਸੀਈਓ, ਸਿਸਟੈਕ ਰੋਬੋਟਿਕਸ ਅਤੇ ਸ੍ਰੀ ਸੁਮਿਤ ਸੈਣੀ, ਡਾਇਰੈਕਟਰ, ਸਿਸਟੈਕ ਰੋਬੋਟਿਕਸ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਨਵੀਂ ਸਥਾਪਿਤ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਵਿਦਿਆਰਥੀਆਂ ਨੂੰ ਇੰਡਸਟਰੀਅਲ ਰੋਬੋਟਿਕਸ, ਰੋਬੋਟ ਪ੍ਰੋਗਰਾਮਿੰਗ, PLC ਇੰਟੀਗ੍ਰੇਸ਼ਨ, ਮਸ਼ੀਨ ਵਿਜ਼ਨ, ਆਰਟੀਫ਼ੀਸ਼ਲ ਇੰਟੈਲੀਜੈਂਸ (AI), ਸਮਾਰਟ ਮੈਨੂਫੈਕਚਰਿੰਗ ਅਤੇ ਇੰਡਸਟਰੀ 4.0 ਤਕਨਾਲੋਜੀਆਂ ਵਿੱਚ ਹੱਥੋਂ-ਹੱਥ ਪ੍ਰਯੋਗਾਤਮਕ ਸਿਖਲਾਈ ਪ੍ਰਦਾਨ ਕਰੇਗੀ। FANUC, ਜੋ ਫੈਕਟਰੀ ਆਟੋਮੇਸ਼ਨ ਦੇ ਖੇਤਰ ਵਿੱਚ ਵਿਸ਼ਵ ਦੀ ਅਗੇਤੀ ਕੰਪਨੀ ਹੈ, 100 ਤੋਂ ਵੱਧ ਦੇਸ਼ਾਂ ਅਤੇ 270 ਤੋਂ ਵੱਧ ਸਰਵਿਸ ਸੈਂਟਰਾਂ ਰਾਹੀਂ ਆਪਣੀਆਂ ਆਧੁਨਿਕ ਰੋਬੋਟਿਕਸ ਅਤੇ CNC ਤਕਨਾਲੋਜੀਆਂ ਨਾਲ ਵਿਸ਼ਵ ਭਰ ਦੇ ਉਦਯੋਗਾਂ ਨੂੰ ਮਜ਼ਬੂਤ ਕਰ ਰਹੀ ਹੈ। FANUC ਸੈਂਟਰ ਆਫ਼ ਐਕਸੀਲੈਂਸ ਰਾਹੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀਆਂ ਉਦਯੋਗਿਕ ਤਕਨਾਲੋਜੀਆਂ ਦਾ ਵਿਹਾਰਕ ਅਨੁਭਵ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਖੋਜ ਸਮਰੱਥਾ, ਰੁਜ਼ਗਾਰ ਯੋਗਤਾ ਅਤੇ ਭਵਿੱਖ ਦੀਆਂ ਉੱਚ ਪੱਧਰੀ ਨਿਰਮਾਣ ਤਕਨਾਲੋਜੀਆਂ ਲਈ ਤਿਆਰੀ ਹੋਰ ਮਜ਼ਬੂਤ ਹੋਵੇਗੀ।

ਉਦਘਾਟਨ ਸਮਾਰੋਹ ਤੋਂ ਬਾਅਦ ਜੀਐਨਏ ਯੂਨੀਵਰਸਿਟੀ ਅਤੇ FANUC ਇੰਡੀਆ ਪ੍ਰਾਈਵੇਟ ਲਿਮਿਟੇਡ ਦਰਮਿਆਨ ਇੱਕ ਸਮਝੌਤਾ ਯਾਦਦਾਸ਼ਤ (MoU) 'ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਦਾ ਉਦੇਸ਼ ਰੋਬੋਟਿਕਸ, ਇੰਡਸਟਰੀਅਲ ਆਟੋਮੇਸ਼ਨ, ਸਕਿਲ ਡਿਵੈਲਪਮੈਂਟ, ਫੈਕਲਟੀ ਟ੍ਰੇਨਿੰਗ, ਇੰਡਸਟਰੀ ਸਰਟੀਫਿਕੇਸ਼ਨ, ਇੰਟਰਨਸ਼ਿਪ, ਸਾਂਝੇ ਖੋਜ ਪ੍ਰੋਜੈਕਟਾਂ ਅਤੇ ਤਕਨਾਲੋਜੀ-ਆਧਾਰਿਤ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

ਇਸ ਮੌਕੇ ਚਾਂਸਲਰ ਸ੍ਰੀ ਗੁਰਦੀਪ ਸਿੰਘ ਸਿਹਰਾ ਨੇ ਸ੍ਰੀ ਵਿਨੈ ਕੁਮਾਰ ਐਮ.ਕੇ. ਨਾਲ ਰੋਬੋਟਿਕਸ ਅਤੇ ਸਮਾਰਟ ਮੈਨੂਫੈਕਚਰਿੰਗ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਉਦਯੋਗਿਕ ਲੋੜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਆਧੁਨਿਕ ਉਦਯੋਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉੱਚ-ਕੁਸ਼ਲ ਮਨੁੱਖੀ ਸੰਸਾਧਨ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪੰਜਾਬ ਦੀ ਪਹਿਲੀ FANUC ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦੀ ਸਥਾਪਨਾ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਰੋਬੋਟਿਕਸ ਸਿੱਖਿਆ, ਨਵੀਨਤਾ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਿੱਚ ਉੱਤਮਤਾ ਦਾ ਕੇਂਦਰ ਬਣੇਗੀ।

ਪ੍ਰੋ-ਚਾਂਸਲਰ ਸੁਸ਼ਰੀ ਜਸਲੀਨ ਸਿਹਰਾ ਨੇ ਜੀਐਨਏ ਯੂਨੀਵਰਸਿਟੀ ਅਤੇ FANUC ਇੰਡੀਆ ਵਿਚਾਲੇ ਹੋਏ ਇਸ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਭਾਈਵਾਲੀਆਂ ਵਿਦਿਆਰਥੀਆਂ ਨੂੰ ਅਸਲ ਉਦਯੋਗਿਕ ਅਨੁਭਵ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਤਕਨਾਲੋਜੀ-ਅਧਾਰਿਤ ਕਰੀਅਰ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ FANUC ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਵਿਨੈ ਕੁਮਾਰ ਐਮ.ਕੇ. ਨੇ ਜੀਐਨਏ ਯੂਨੀਵਰਸਿਟੀ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਆਧੁਨਿਕ ਤਕਨੀਕੀ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਜੀਐਨਏ ਯੂਨੀਵਰਸਿਟੀ ਨੇ ਰੋਬੋਟਿਕਸ ਅਤੇ ਆਟੋਮੇਸ਼ਨ ਸਿੱਖਿਆ ਲਈ ਇੱਕ ਸ਼ਾਨਦਾਰ ਇਕੋਸਿਸਟਮ ਤਿਆਰ ਕੀਤਾ ਹੈ, ਜੋ ਭਾਰਤ ਸਰਕਾਰ ਦੇ ਸਕਿਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਮੰਤਰਾਲੇ ਵੱਲੋਂ ਉਤਸ਼ਾਹਿਤ IndiaSkills ਅਤੇ WorldSkills ਮੁਕਾਬਲਿਆਂ ਦੇ ਉਦੇਸ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।" ਉਨ੍ਹਾਂ ਨੇ IndiaSkills ਮੁਕਾਬਲੇ ਵਿੱਚ ਜੀਐਨਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਉੱਤਰੀ ਭਾਰਤ (ਰੀਜਨਲ ਪੱਧਰ) 'ਤੇ ਸੋਨੇ ਦੇ ਤਗਮੇ ਅਤੇ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਗਮਾ ਜਿੱਤਣ 'ਤੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਸਕਿਲ-ਅਧਾਰਿਤ ਸਿੱਖਿਆ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਿੱਚ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਸਬੂਤ ਦੱਸਿਆ।

ਸਮਾਗਮ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਸੀ. ਆਰ. ਤ੍ਰਿਪਾਠੀ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੇ ਕਿਹਾ, "ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਸਿਰਫ਼ ਇੱਕ ਨਵੀਂ ਲੈਬ ਨਹੀਂ, ਸਗੋਂ ਨਵੀਨਤਾ, ਹੁਨਰ ਵਿਕਾਸ ਅਤੇ ਐਪਲਾਈਡ ਰਿਸਰਚ ਦਾ ਕੇਂਦਰ ਹੈ, ਜਿਸ ਨੂੰ CAD, CAM ਅਤੇ CNC ਸਿਮੂਲੇਟਰ ਵਰਗੀਆਂ ਆਧੁਨਿਕ ਲੈਬਾਂ ਨਾਲ ਜੋੜਿਆ ਗਿਆ ਹੈ। ਅਸੀਂ ਅਜਿਹਾ ਵਾਤਾਵਰਣ ਤਿਆਰ ਕਰ ਰਹੇ ਹਾਂ ਜਿੱਥੇ ਵਿਦਿਆਰਥੀ ਵਿਹਾਰਕ ਹੁਨਰ ਵਿਕਸਤ ਕਰਨ, ਉਦਯੋਗ-ਸਬੰਧਤ ਪ੍ਰੋਜੈਕਟਾਂ 'ਤੇ ਕੰਮ ਕਰਨ ਅਤੇ ਸਮਾਰਟ ਮੈਨੂਫੈਕਚਰਿੰਗ ਦੇ ਭਵਿੱਖ ਦੀ ਅਗਵਾਈ ਕਰਨ ਵਾਲੇ ਪੇਸ਼ੇਵਰ ਬਣ ਸਕਣ।"

ਵਾਈਸ-ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੂੰ ਪੰਜਾਬ ਦੀ ਪਹਿਲੀ FANUC ਰੋਬੋਟਿਕਸ ਸਿਸਟਮ ਇੰਟੀਗ੍ਰੇਸ਼ਨ ਲੈਬ ਦੀ ਸਥਾਪਨਾ ਲਈ ਵਧਾਈ ਦਿੱਤੀ ਅਤੇ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਲਗਾਤਾਰ ਯਤਨਾਂ ਦੀ ਸਰਾਹਨਾ ਕੀਤੀ।

ਡੀਨ ਅਕਾਦਮਿਕਸ ਡਾ. ਮੋਨਿਕਾ ਹੰਸਪਾਲ ਨੇ ਕਿਹਾ ਕਿ FANUC ਇੰਡੀਆ ਨਾਲ ਇਹ ਸਹਿਯੋਗ ਅਨੁਭਵਾਤਮਕ, ਉਦਯੋਗ-ਇਕਜੁੱਟ ਅਤੇ ਨਤੀਜਾ-ਅਧਾਰਿਤ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ, "ਇਹ ਅਤਿ-ਆਧੁਨਿਕ ਲੈਬ ਵਿਦਿਆਰਥੀਆਂ ਨੂੰ ਹੱਥੋਂ-ਹੱਥ ਸਿੱਖਣ, ਨਵੀਨਤਾ, ਬਹੁ-ਵਿਸ਼ਿਆਂਕ ਖੋਜ, ਇੰਡਸਟਰੀ ਸਰਟੀਫਿਕੇਸ਼ਨ, ਇੰਟਰਨਸ਼ਿਪ ਅਤੇ ਸਕਿਲ ਡਿਵੈਲਪਮੈਂਟ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ।"

ਸਮਾਗਮ ਦਾ ਸਮਾਪਨ "ਰੋਬੋਟਸ ਤੋਂ ਸਮਾਰਟ ਫੈਕਟਰੀਆਂ ਤੱਕ: AI ਨਾਲ ਨਿਰਮਾਣ ਦੇ ਭਵਿੱਖ ਦੀ ਸਿਰਜਣਾ" ਵਿਸ਼ੇ 'ਤੇ ਇੱਕ ਘੰਟੇ ਦੇ ਵਿਸ਼ੇਸ਼ ਸੈਮੀਨਾਰ ਨਾਲ ਹੋਇਆ, ਜਿਸ ਨੂੰ ਸ੍ਰੀ ਵਿਨੈ ਕੁਮਾਰ ਐਮ.ਕੇ. ਅਤੇ ਸ੍ਰੀ ਅੰਕਿਤ ਤ੍ਰਿਪਾਠੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਇੰਡਸਟਰੀਅਲ ਰੋਬੋਟਿਕਸ ਦੇ ਵਿਕਾਸ, ਕੋਲੈਬੋਰੇਟਿਵ ਰੋਬੋਟਸ (ਕੋਬੋਟਸ), ਮੈਨੂਫੈਕਚਰਿੰਗ ਵਿੱਚ ਆਰਟੀਫ਼ੀਸ਼ਲ ਇੰਟੈਲੀਜੈਂਸ, ਇੰਡਸਟਰੀਅਲ ਇੰਟਰਨੈੱਟ ਆਫ਼ ਥਿੰਗਜ਼ (IIoT), ਡਿਜ਼ਿਟਲ ਟਵਿਨਜ਼, ਪ੍ਰੈਡਿਕਟਿਵ ਮੇਂਟੇਨੈਂਸ ਅਤੇ ਰਵਾਇਤੀ ਉਤਪਾਦਨ ਇਕਾਈਆਂ ਨੂੰ ਸਮਾਰਟ ਫੈਕਟਰੀਆਂ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਾਹਿਰਾਂ ਨੇ ਬਾਡੀ-ਇਨ-ਵ੍ਹਾਈਟ (BIW) ਮੈਨੂਫੈਕਚਰਿੰਗ ਪ੍ਰਕਿਰਿਆ ਵਿੱਚ ਰੋਬੋਟਿਕਸ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ।