ਪੰਜਾਬ ਕਾਂਗਰਸ 'ਚ ਘਮਸਾਨ! ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਾਲੇ ਗੁੱਟਬਾਜ਼ੀ ਖੁੱਲ੍ਹ ਕੇ ਆਈ ਸਾਹਮਣੇ

ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਗੁੱਟਬਾਜ਼ੀ ਜਨਤਕ ਹੋ ਗਈ। ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਜਿਸ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਚੌਰਾਹੇ 'ਤੇ ਲਿਆ ਦਿੱਤਾ ਹੈ।
ਲੁਧਿਆਣਾ: ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਗੁੱਟਬਾਜ਼ੀ ਜਨਤਕ ਹੋ ਗਈ। ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਜਿਸ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਚੌਰਾਹੇ 'ਤੇ ਲਿਆ ਦਿੱਤਾ ਹੈ।

ਵੜਿੰਗ ਦੇ ਤਿੱਖੇ ਹਮਲੇ: 'ਵਿਜੀਲੈਂਸ ਰਿਮਾਂਡ 'ਚ ਖਾਧੀ ਏਸੀ ਵਾਲੀ ਰੋਟੀ'
ਰਾਜਾ ਵੜਿੰਗ ਨੇ ਆਸ਼ੂ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਵੱਡਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਜੀਲੈਂਸ ਰਿਮਾਂਡ ਦੌਰਾਨ ਉਨ੍ਹਾਂ ਨੇ ਅੱਠ ਦਿਨ ਤੱਕ ਏਸੀ ਵਿੱਚ ਬੈਠ ਕੇ ਰੋਟੀ ਖਾਧੀ। ਵੜਿੰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਆਸ਼ੂ ਸਮਰਥਕ 'ਆਰਐੱਸਐੱਸ ਦੇ ਏਜੰਟ' ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਹੁੰਦਿਆਂ ਆਸ਼ੂ ਨੇ ਸੀਨੀਅਰ ਵਿਧਾਇਕਾਂ (ਜਿਵੇਂ ਰਾਕੇਸ਼ ਪਾਂਡੇ ਅਤੇ ਸੁਰਿੰਦਰ ਡਾਬਰ) ਨੂੰ ਦਰਕਿਨਾਰ ਕਰਕੇ ਖੁਦ ਨੂੰ ਪਾਰਟੀ ਦਾ ਮੋਹਰੀ ਮੰਨ ਲਿਆ ਸੀ। ਵੜਿੰਗ ਨੇ ਲੁਧਿਆਣਾ ਪ੍ਰੋਗਰਾਮ ਦੌਰਾਨ ਹੋਈ ਅਨੁਸ਼ਾਸਨਹੀਣਤਾ ਦੀ ਰਿਪੋਰਟ ਹਾਈਕਮਾਂਡ ਨੂੰ ਭੇਜਣ ਦੀ ਗੱਲ ਵੀ ਕਹੀ ਹੈ।

ਮਮਤਾ ਆਸ਼ੂ ਦਾ ਪਲਟਵਾਰ: ਹਾਈਕਮਾਂਡ ਨੂੰ ਪੰਜ ਸਵਾਲ
ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਰਾਜਾ ਵੜਿੰਗ ਦੇ ਬਿਆਨਾਂ ਦਾ ਸਖ਼ਤ ਜਵਾਬ ਦਿੰਦਿਆਂ ਹਾਈਕਮਾਂਡ ਅੱਗੇ ਪੰਜ ਸਵਾਲ ਰੱਖੇ ਹਨ। ਉਨ੍ਹਾਂ ਪੁੱਛਿਆ ਕਿ ਕੀ ਸਮਰਪਿਤ ਵਰਕਰਾਂ ਨੂੰ 'ਆਰਐੱਸਐੱਸ ਏਜੰਟ' ਕਹਿਣ ਵਾਲੇ ਪ੍ਰਧਾਨ ਵਿਰੁੱਧ ਕੋਈ ਕਾਰਵਾਈ ਹੋਵੇਗੀ? ਉਨ੍ਹਾਂ ਵੜਿੰਗ 'ਤੇ ਸਵਾਲ ਚੁੱਕਿਆ ਕਿ ਜੇਕਰ ਉਹ ਇੱਕ ਵਰਕਰ ਨੂੰ ਵਿਜੀਲੈਂਸ ਤੋਂ ਛੁਡਵਾ ਸਕਦੇ ਸਨ, ਤਾਂ ਮਹੀਨਿਆਂ ਤੱਕ ਜੇਲ੍ਹ ਕੱਟਣ ਵਾਲੇ ਹੋਰ ਕਾਂਗਰਸੀਆਂ ਲਈ ਅਜਿਹੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਮਮਤਾ ਅਨੁਸਾਰ, ਵੜਿੰਗ ਹਰ ਮੰਚ ਤੋਂ ਸੀਨੀਅਰ ਨੇਤਾਵਾਂ ਦੇ ਕਿਰਦਾਰ 'ਤੇ ਸਵਾਲ ਉਠਾ ਰਹੇ ਹਨ।

ਸ਼ਾਇਰੀ ਰਾਹੀਂ ਦਿੱਤਾ ਜਵਾਬ
ਆਸ਼ੂ ਧਿਰ ਵੱਲੋਂ ਸੋਸ਼ਲ ਮੀਡੀਆ 'ਤੇ ਸ਼ਾਇਰੀ ਰਾਹੀਂ ਰਾਜਾ ਵੜਿੰਗ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵੜਿੰਗ ਦੀ ਤਿੱਖੀ ਬਿਆਨਬਾਜ਼ੀ ਉਨ੍ਹਾਂ ਦੀ ਤਾਕਤ ਨਹੀਂ ਬਲਕਿ ਆਸ਼ੂ ਦੇ ਜਨਾਧਾਰ ਤੋਂ ਪੈਦਾ ਹੋਈ ਘਬਰਾਹਟ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਕਾਂਗਰਸ ਵਿੱਚ ਹੁਣ ਹਵਾ ਬਦਲ ਰਹੀ ਹੈ ਅਤੇ ਵੜਿੰਗ ਨੂੰ ਆਪਣੀ ਪ੍ਰਧਾਨਗੀ ਦੇ ਘਮੰਡ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਵਕਤ ਦੀ ਬਾਜ਼ੀ ਕਦੇ ਵੀ ਪਲਟ ਸਕਦੀ ਹੈ।