ਗੈਸ-ਐਸੀਡਿਟੀ ਦੀ ਦਵਾਈ ਕਰ ਸਕਦੀ ਹੈ ਵੱਡਾ ਨੁਕਸਾਨ! ਖਰਾਬ ਹੋ ਸਕਦੇ ਸਰੀਰ ਦੇ ਇਹ ਅੰਗ

ਪੇਟ ਵਿਚ ਗੈਸ ਜਾਂ ਐਸੀਡਿਟੀ ਹੋਣ 'ਤੇ ਤੁਰੰਤ ਦਵਾਈ (ਐਂਟਾਸਿਡ) ਖਾਣ ਦੀ ਆਦਤ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਦਵਾਈਆਂ ਦਾ ਲੰਬੇ ਸਮੇਂ ਤੱਕ ਜਾਂ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੇ ਕਈ ਮਹੱਤਵਪੂਰਨ ਅੰਗ ਖ਼ਰਾਬ ਹੋ ਸਕਦੇ ਹਨ।
ਨਵੀਂ ਦਿੱਲੀ : ਪੇਟ ਵਿਚ ਗੈਸ ਜਾਂ ਐਸੀਡਿਟੀ ਹੋਣ 'ਤੇ ਤੁਰੰਤ ਦਵਾਈ (ਐਂਟਾਸਿਡ) ਖਾਣ ਦੀ ਆਦਤ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਦਵਾਈਆਂ ਦਾ ਲੰਬੇ ਸਮੇਂ ਤੱਕ ਜਾਂ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੇ ਕਈ ਮਹੱਤਵਪੂਰਨ ਅੰਗ ਖ਼ਰਾਬ ਹੋ ਸਕਦੇ ਹਨ।

ਹੱਡੀਆਂ ਕਮਜ਼ੋਰ ਹੋਣ ਅਤੇ ਨਿਮੋਨੀਆ ਦਾ ਖਤਰਾ
ਮੈਡੀਕਲ ਵਿਗਿਆਨ ਅਨੁਸਾਰ, ਐਂਟਾਸਿਡ ਦਵਾਈਆਂ ਦਾ ਲਗਾਤਾਰ ਸੇਵਨ ਸਰੀਰ ਵਿੱਚ ਕੈਲਸ਼ੀਅਮ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦੇ ਸੋਖਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੱਡੀਆਂ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਦੇ ਅਸਾਨੀ ਨਾਲ ਟੁੱਟਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਮਾਹਰਾਂ ਮੁਤਾਬਕ ਲੰਬੇ ਸਮੇਂ ਤੱਕ ਇਨ੍ਹਾਂ ਦਵਾਈਆਂ ਦੀ ਵਰਤੋਂ ਫੇਫੜਿਆਂ 'ਤੇ ਮਾੜਾ ਅਸਰ ਪਾ ਸਕਦੀ ਹੈ, ਜਿਸ ਨਾਲ ਨਿਮੋਨੀਆ ਵਰਗੇ ਗੰਭੀਰ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ।

ਵਧ ਰਿਹਾ ਹੈ ਦਵਾਈਆਂ ਦਾ ਗਲਤ ਰੁਝਾਨ
ਡਾਕਟਰਾਂ ਅਨੁਸਾਰ, ਅੱਜ-ਕੱਲ੍ਹ ਲੋਕ ਮਾਮੂਲੀ ਪਰੇਸ਼ਾਨੀ ਹੋਣ 'ਤੇ ਵੀ ਬਿਨਾਂ ਕਿਸੇ ਸਲਾਹ ਦੇ ਦਵਾਈਆਂ ਲੈ ਲੈਂਦੇ ਹਨ, ਜਿਸ ਕਾਰਨ ਇਨ੍ਹਾਂ ਦੀ ਖਪਤ ਪਹਿਲਾਂ ਨਾਲੋਂ ਕਾਫੀ ਵਧ ਗਈ ਹੈ। ਦਵਾਈਆਂ ਦੀ ਓਵਰਡੋਜ਼ ਕਾਰਨ ਮਰੀਜ਼ਾਂ ਵਿਚ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਿਹਤ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਬਚਾਅ ਲਈ ਮਾਹਿਰਾਂ ਦੇ ਸੁਝਾਅ
ਗੈਸ ਤੇ ਐਸੀਡਿਟੀ ਦੀ ਸਮੱਸਿਆ ਤੋਂ ਬਚਣ ਲਈ ਦਵਾਈਆਂ 'ਤੇ ਨਿਰਭਰ ਹੋਣ ਦੀ ਬਜਾਏ ਜੀਵਨਸ਼ੈਲੀ ਵਿਚ ਸੁਧਾਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਲੰਬੇ ਸਮੇਂ ਤੱਕ ਖਾਲੀ ਪੇਟ ਨਾ ਰਹੋ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਹਲਕਾ ਭੋਜਨ ਕਰੋ।
ਸ਼ਰਾਬ, ਫਾਸਟ ਫੂਡ, ਜ਼ਿਆਦਾ ਮਸਾਲੇਦਾਰ ਅਤੇ ਤਲੇ-ਭੁੰਨੇ ਭੋਜਨ ਤੋਂ ਪਰਹੇਜ਼ ਕਰੋ।
ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜਾਂ ਤੇਜ਼ ਸੈਰ ਕਰੋ।
ਲੋੜੀਂਦਾ ਪਾਣੀ ਪੀਓ, ਚੰਗੀ ਨੀਂਦ ਲਓ ਅਤੇ ਤਣਾਅ ਮੁਕਤ ਰਹੋ।

ਮਾਹਰਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਐਸੀਡਿਟੀ ਜਾਂ ਸੀਨੇ ਵਿਚ ਜਲਣ ਦੀ ਸਮੱਸਿਆ ਵਾਰ-ਵਾਰ ਹੋ ਰਹੀ ਹੈ ਤਾਂ ਇਸ ਨੂੰ ਹਲਕੇ ਵਿਚ ਨਾ ਲਓ। ਵਾਰ-ਵਾਰ ਗੋਲੀਆਂ ਖਾਣ ਦੀ ਬਜਾਏ ਡਾਕਟਰ ਤੋਂ ਜਾਂਚ ਕਰਵਾਓ ਤਾਂ ਜੋ ਬਿਮਾਰੀ ਦੇ ਅਸਲ ਕਾਰਨ ਦਾ ਪਤਾ ਲਗਾ ਕੇ ਸਹੀ ਇਲਾਜ ਕੀਤਾ ਜਾ ਸਕੇ।