ਇੰਡੋਨੇਸ਼ੀਆ ਤੋਂ ਡਿਪੋਰਟ ਕਰਾ ਕੇ ਪੰਜਾਬ ਲਿਆਂਦਾ ਗੈਂਗਸਟਰ ਜੋਬਨ ਬਿੱਲਾ, ‘ਓਪਰੇਸ਼ਨ ਨੋਮੈਡ ਹੰਟ’ ਤਹਿਤ ਮਿਲੀ ਵੱਡੀ ਸਫਲਤਾ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਫਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਭਾਰਤ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਹੈ।
ਮੋਹਾਲੀ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਫਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਭਾਰਤ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਹੈ। 

ਕਈ ਗੰਭੀਰ ਮਾਮਲਿਆਂ 'ਚ ਸੀ ਲੋੜੀਂਦਾ
ਪੁਲਿਸ ਰਿਕਾਰਡ ਅਨੁਸਾਰ, ਜੋਬਨ ਬਿੱਲਾ ਵਿਰੁੱਧ ਪੰਜਾਬ ਵਿੱਚ ਹੱਤਿਆ ਦੇ 4 ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਉਹ ਹੱਤਿਆ ਦੀ ਕੋਸ਼ਿਸ਼, ਐੱਨ.ਡੀ.ਪੀ.ਐੱਸ. (NDPS) ਐਕਟ ਅਤੇ ਆਰਮਜ਼ ਐਕਟ ਵਰਗੇ ਕਈ ਹੋਰ ਸੰਗੀਨ ਜੁਰਮਾਂ ਵਿੱਚ ਵੀ ਲੋੜੀਂਦਾ ਸੀ। ਉਹ ਲੰਬੇ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਲੁਕ ਕੇ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।

ਛੇ ਮਹੀਨੇ ਚੱਲਿਆ 'ਓਪਰੇਸ਼ਨ ਨੋਮੈਡ ਹੰਟ'
ਬਿੱਲਾ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੇ 'ਓਪਰੇਸ਼ਨ ਨੋਮੈਡ ਹੰਟ' (Operation Nomad Hunt) ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਇਹ ਵਿਸ਼ੇਸ਼ ਮੁਹਿੰਮ ਕਰੀਬ ਛੇ ਮਹੀਨਿਆਂ ਤੱਕ ਚੱਲੀ, ਜਿਸ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਰਣਨੀਤਕ ਖੁਫੀਆ ਜਾਣਕਾਰੀ ਜੁਟਾਈ ਗਈ। ਇਸ ਸਾਂਝੀ ਕਾਰਵਾਈ ਵਿੱਚ AGTF, OFTEC ਪੰਜਾਬ ਅਤੇ ਕੇਂਦਰੀ ਏਜੰਸੀਆਂ ਨੇ ਅਹਿਮ ਭੂਮਿਕਾ ਨਿਭਾਈ।

ਅਪਰਾਧਿਕ ਨੈੱਟਵਰਕ ਦੀ ਹੋਵੇਗੀ ਜਾਂਚ
ਹੁਣ ਪੁਲਿਸ ਵੱਲੋਂ ਮੁਲਜ਼ਮ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਸ ਦੇ ਅਪਰਾਧਿਕ ਨੈੱਟਵਰਕ, ਵਿਦੇਸ਼ਾਂ ਵਿੱਚ ਬੈਠੇ ਸੰਪਰਕਾਂ ਅਤੇ ਪੰਜਾਬ ਵਿੱਚ ਸਰਗਰਮ ਗੈਂਗਾਂ ਨਾਲ ਉਸ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸੰਗਠਿਤ ਅਪਰਾਧ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਜਿਹੇ ਅਪਰੇਸ਼ਨ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਕਾਨੂੰਨ ਦੀ ਪਕੜ ਤੋਂ ਬਚਣ ਲਈ ਵਿਦੇਸ਼ ਭੱਜਣ ਵਾਲੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਵਾਪਸ ਲਿਆ ਕੇ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।