ਜਗਰਾਓਂ 'ਚ ਅਵਾਰਾ ਕੁੱਤਿਆਂ ਦਾ ਕਹਿਰ! ਸਾਬਕਾ ਸਰਪੰਚ ਨੂੰ ਨੋਚ-ਨੋਚ ਕੇ ਖਾਧਾ, 15 ਦਿਨਾਂ 'ਚ ਦੂਜੀ ਮੌਤ

ਜਗਰਾਓਂ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਬੇਹੱਦ ਦਰਦਨਾਕ ਘਟਨਾ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਪਿੰਡ ਦੇ ਇੱਕ ਸਾਬਕਾ ਸਰਪੰਚ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁੱਤਿਆਂ ਨੇ ਬਜ਼ੁਰਗ ਨੂੰ ਇੰਨੀ ਬੇਰਹਿਮੀ ਨਾਲ ਨੋਚਿਆ ਕਿ ਉਨ੍ਹਾਂ ਦੀ ਇੱਕ ਬਾਂਹ ਤੱਕ ਖਾ ਲਈ। ਪਿਛਲੇ 15 ਦਿਨਾਂ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ ਮੌਤ ਹੋਣ ਦੀ ਇਹ ਦੂਜੀ ਘਟਨਾ ਹੈ।
ਜਗਰਾਓਂ : ਜਗਰਾਓਂ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਬੇਹੱਦ ਦਰਦਨਾਕ ਘਟਨਾ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਪਿੰਡ ਦੇ ਇੱਕ ਸਾਬਕਾ ਸਰਪੰਚ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁੱਤਿਆਂ ਨੇ ਬਜ਼ੁਰਗ ਨੂੰ ਇੰਨੀ ਬੇਰਹਿਮੀ ਨਾਲ ਨੋਚਿਆ ਕਿ ਉਨ੍ਹਾਂ ਦੀ ਇੱਕ ਬਾਂਹ ਤੱਕ ਖਾ ਲਈ। ਪਿਛਲੇ 15 ਦਿਨਾਂ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ ਮੌਤ ਹੋਣ ਦੀ ਇਹ ਦੂਜੀ ਘਟਨਾ ਹੈ।

ਰਾਤ ਵੇਲੇ ਹੋਇਆ ਹਮਲਾ
ਮ੍ਰਿਤਕ ਦੀ ਪਛਾਣ 80 ਸਾਲਾ ਸਾਬਕਾ ਸਰਪੰਚ ਜਗਦੀਸ਼ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਕਾਫੀ ਸਮੇਂ ਤੋਂ ਆਪਣੇ ਖੇਤਾਂ ਵਿੱਚ ਸਥਿਤ ਮੋਟਰ 'ਤੇ ਰਹਿ ਰਹੇ ਸਨ। ਬੁੱਧਵਾਰ ਦੇਰ ਰਾਤ ਜਦੋਂ ਉਹ ਬਾਥਰੂਮ ਜਾਣ ਲਈ ਉੱਠੇ, ਤਾਂ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਬਜ਼ੁਰਗ ਹੋਣ ਕਾਰਨ ਉਹ ਆਪਣਾ ਬਚਾਅ ਕਰਨ ਵਿੱਚ ਅਸਮਰਥ ਰਹੇ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਪਹਿਲਾਂ ਵੀ ਹੋ ਚੁੱਕੀ ਹੈ ਮੌਤ
ਜ਼ਿਕਰਯੋਗ ਹੈ ਕਿ ਕਰੀਬ 15 ਦਿਨ ਪਹਿਲਾਂ ਪਿੰਡ ਪੱਬੀਆਂ ਵਿੱਚ ਵੀ ਅਵਾਰਾ ਕੁੱਤਿਆਂ ਨੇ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ। ਇਨ੍ਹਾਂ ਲਗਾਤਾਰ ਹੋ ਰਹੇ ਜਾਨਲੇਵਾ ਹਮਲਿਆਂ ਕਾਰਨ ਪੂਰੇ ਇਲਾਕੇ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ।

ਲੋਕਾਂ ਵੱਲੋਂ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼
ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤੇ ਲੰਬੇ ਸਮੇਂ ਤੋਂ ਇਨਸਾਨਾਂ ਅਤੇ ਪਸ਼ੂਆਂ 'ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਇਸ ਸਮੱਸਿਆ ਬਾਰੇ ਸ਼ਿਕਾਇਤ ਕੀਤੀ, ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਵੇ ਤਾਂ ਜੋ ਹੋਰ ਕੀਮਤੀ ਜਾਨਾਂ ਜਾਣ ਤੋਂ ਬਚਾਈਆਂ ਜਾ ਸਕਣ।