ਸਾਬਕਾ PM ਸ਼ੇਖ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤਹਿਤ ਸੁਣਾਈ ਮੌਤ ਦੀ ਸਜ਼ਾ

ਅਦਾਲਤ ਨੇ ਹਸੀਨਾ ਅਤੇ ਉਸ ਦੇ ਦੋ ਚੋਟੀ ਦੇ ਸਹਿਯੋਗੀਆਂ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਲ ਅਤੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ, ਚੌਧਰੀ ਅਬਦੁੱਲਾ ਅਲ-ਮਾਮੂਨ ਨੂੰ ਵੀ ਦੋਸ਼ੀ ਠਹਿਰਾਇਆ ਹੈ।
ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਸੀਨਾ ਨੂੰ ਪਿਛਲੇ ਸਾਲ ਜੁਲਾਈ ਵਿੱਚ ਹੋਏ ਪ੍ਰਦਰਸ਼ਨਾਂ ਨਾਲ ਸਬੰਧਤ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ।

ਅਦਾਲਤ ਨੇ ਹਸੀਨਾ ਅਤੇ ਉਸ ਦੇ ਦੋ ਚੋਟੀ ਦੇ ਸਹਿਯੋਗੀਆਂ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਲ ਅਤੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ, ਚੌਧਰੀ ਅਬਦੁੱਲਾ ਅਲ-ਮਾਮੂਨ ਨੂੰ ਵੀ ਦੋਸ਼ੀ ਠਹਿਰਾਇਆ ਹੈ। ਮਾਮੂਨ ਨੂੰ ਹਾਲਾਂਕਿ ਮੁਆਫੀ ਦਿੱਤੀ ਗਈ ਹੈ ਪਰ ਅਦਾਲਤ ਨੇ ਕਿਹਾ ਕਿ ਅਪਰਾਧਾਂ ਦੀ ਤੀਬਰਤਾ ਦੇ ਮੱਦੇਨਜ਼ਰ, ਉਸਨੂੰ "ਨਰਮ ਸਜ਼ਾ" ਦਿੱਤੀ ਜਾਵੇਗੀ। ਮਾਮੂਨ ਹਿਰਾਸਤ ਵਿੱਚ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਖਾਸ ਤੌਰ 'ਤੇ, ਮਾਮੂਨ ਸਰਕਾਰੀ ਗਵਾਹ ਬਣ ਗਿਆ ਹੈ, ਜਿਸ ਨਾਲ ਉਹ 2010 ਵਿੱਚ ਟ੍ਰਿਬਿਊਨਲ ਦੀ ਸਥਾਪਨਾ ਤੋਂ ਬਾਅਦ ਅਜਿਹਾ ਕਰਨ ਵਾਲਾ ਪਹਿਲਾ ਮੁਲਜ਼ਮ ਬਣ ਗਿਆ ਹੈ। ਦੂਜੇ ਪਾਸੇ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਇਸ ਸਮੇਂ ਫਰਾਰ ਹੈ।

ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਜੇ ਤੱਕ ਟ੍ਰਾਇਲ ਦਾ ਸਾਹਮਣਾ ਕਰਨ ਲਈ ਬੰਗਲਾਦੇਸ਼ ਵਾਪਸ ਆਉਣ ਤੋਂ ਇਨਕਾਰ ਕਰਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਹਾਲਾਂਕਿ, ਉਸ ਨੇ ਹਮੇਸ਼ਾ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਪ੍ਰੌਸੀਕਿਊਟਰਾਂ ਨੇ ਦੋਸ਼ੀਆਂ 'ਤੇ ਪੰਜ ਦੋਸ਼ ਲਗਾਏ ਸਨ, ਜਿਸ ਵਿੱਚ ਕਤਲ ਨੂੰ ਰੋਕਣ ਵਿੱਚ ਅਸਫਲ ਰਹਿਣਾ ਸ਼ਾਮਲ ਹੈ। ਉਨ੍ਹਾਂ ਨੇ ਦੋਸ਼ੀਆਂ ਦੇ ਦੋਸ਼ੀ ਸਾਬਤ ਹੋਣ 'ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਪੀੜਤਾਂ ਦੇ ਪਰਿਵਾਰਾਂ ਵਿੱਚ ਵੰਡਣ ਦੀ ਵੀ ਮੰਗ ਕੀਤੀ ਹੈ।

ਇਸ ਫੈਸਲੇ ਤੋਂ ਪਹਿਲਾਂ ਢਾਕਾ ਨੂੰ ਅਭੂਤਪੂਰਵ ਸੁਰੱਖਿਆ ਘੇਰੇ ਹੇਠ ਰੱਖਿਆ ਗਿਆ ਹੈ। ਢਾਕਾ ਮੈਟਰੋਪੋਲੀਟਨ ਪੁਲਿਸ (DMP) ਕਮਿਸ਼ਨਰ ਸ਼ੇਖ ਮੁਹੰਮਦ ਸੱਜਾਤ ਅਲੀ ਨੇ ਐਤਵਾਰ ਸ਼ਾਮ ਨੂੰ 'ਸ਼ੂਟ-ਐਟ-ਸਾਈਟ ਆਰਡਰ' ਜਾਰੀ ਕੀਤਾ। ਇਹ ਹੁਕਮ ਅੱਗਜ਼ਨੀ, ਕਾਕਟੇਲ ਧਮਾਕਿਆਂ ਜਾਂ ਪੁਲਸ ਅਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਸ਼ੇਖ ਹਸੀਨਾ ਦੀ ਅਵਾਮੀ ਲੀਗ ਦੁਆਰਾ 16-17 ਨਵੰਬਰ ਲਈ ਆਯੋਜਿਤ ਦੋ-ਦਿਨਾਂ ਹੜਤਾਲ ਦੇ ਦੌਰਾਨ ਰਾਜਧਾਨੀ ਵਿੱਚ ਕਾਕਟੇਲ ਧਮਾਕਿਆਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 36 ਘੰਟਿਆਂ ਵਿੱਚ, ਅਵਾਮੀ ਲੀਗ ਦੇ ਘੱਟੋ-ਘੱਟ 21 ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਫਿਲਹਾਲ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਵਰਜਿਆ ਗਿਆ ਹੈ।

ਇਹ ਫੈਸਲਾ ਤਿੰਨ ਮੈਂਬਰੀ ਟ੍ਰਿਬਿਊਨਲ-1, ਜਿਸ ਦੀ ਅਗਵਾਈ ਜਸਟਿਸ ਮੁਹੰਮਦ ਗੁਲਾਮ ਮੁਰਤਜ਼ਾ ਮਜੂਮਦਾਰ ਕਰ ਰਹੇ ਹਨ, ਦੁਆਰਾ ਸੁਣਾਇਆ ਜਾ ਰਿਹਾ ਹੈ। ਇਹ ਫੈਸਲਾ ਬੰਗਲਾਦੇਸ਼ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਫੈਸਲਾ 453 ਪੰਨਿਆਂ ਦਾ ਹੈ ਅਤੇ ਇਸ ਦਾ ਪਾਠ ਅਜੇ ਵੀ ਜਾਰੀ ਹੈ।