ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਏ ਸਾਬਕਾ DIG ਹਰਚਰਨ ਭੁੱਲਰ, ਮਿਲਿਆ 5 ਦਿਨਾਂ ਦਾ ਰਿਮਾਂਡ

ਸੀਬੀਆਈ ਨੇ ਭੁੱਲਰ ਵਿਰੁੱਧ 29 ਅਕਤੂਬਰ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਇਹ ਕੇਸ ਚੰਡੀਗੜ੍ਹ ਸੀਬੀਆਈ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।
ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਸੀਬੀਆਈ (CBI) ਨੇ ਸਾਬਕਾ ਡੀਆਈਜੀ ਭੁੱਲਰ ਨੂੰ ਸ਼ਨੀਵਾਰ, 1 ਨਵੰਬਰ 2025, ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੀਬੀਆਈ ਦੀ ਅਪੀਲ 'ਤੇ ਭੁੱਲਰ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਸੀਬੀਆਈ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰਨ ਦੀ ਲੋੜ ਹੈ। ਹਾਲਾਂਕਿ, ਭੁੱਲਰ ਦੇ ਵਕੀਲਾਂ, ਐਚਐਸ ਧਨੋਆ ਅਤੇ ਆਰਪੀਐਸ ਬਾਰਾ, ਨੇ ਸੀਬੀਆਈ ਵੱਲੋਂ 5 ਦਿਨ ਦੇ ਰਿਮਾਂਡ ਮੰਗਣ ਦਾ ਵਿਰੋਧ ਕੀਤਾ।

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਸੀਬੀਆਈ ਨੇ ਭੁੱਲਰ ਵਿਰੁੱਧ 29 ਅਕਤੂਬਰ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਇਹ ਕੇਸ ਚੰਡੀਗੜ੍ਹ ਸੀਬੀਆਈ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭੁੱਲਰ ਨੇ ਅਣਜਾਣ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ।

ਵਿਜੀਲੈਂਸ ਬਿਊਰੋ ਵੀ ਹੋਇਆ ਸਰਗਰਮ
ਇਸ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਮੋਹਾਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਲ ਕਰ ਦਿੱਤੀ ਹੈ।

ਸੀਬੀਆਈ ਨੇ ਵਿਜੀਲੈਂਸ ਪਟੀਸ਼ਨ ਦਾ ਕੀਤਾ ਵਿਰੋਧ
ਵਿਜੀਲੈਂਸ ਵਿਭਾਗ ਦੀ ਪਟੀਸ਼ਨ ਦਾ ਸੀਬੀਆਈ ਨੇ ਜ਼ੋਰਦਾਰ ਵਿਰੋਧ ਕੀਤਾ। ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਜੀਲੈਂਸ ਵਿਭਾਗ ਨੇ ਸਿਰਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ, ਇਸ ਲਈ ਉਨ੍ਹਾਂ ਨੂੰ ਜਾਇਦਾਦ ਦੀ ਜਾਂਚ ਲਈ ਰਿਮਾਂਡ ਲੈਣ ਦੀ ਕੀ ਲੋੜ ਹੈ। ਸੀਬੀਆਈ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਜਦੋਂ ਵੀ ਚਾਹੁਣ ਆ ਕੇ ਭੁੱਲਰ ਤੋਂ ਪੁੱਛਗਿੱਛ ਕਰ ਸਕਦੇ ਹਨ। ਵਿਜੀਲੈਂਸ ਵਿਭਾਗ ਦੀ ਪਟੀਸ਼ਨ 'ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਵੇਗੀ।