ਹੜ੍ਹਾਂ ਨੂੰ ਲੈ ਕੇ ਪੰਜਾਬ ਸਿਹਤ ਵਿਭਾਗ ਦੀ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀਆਂ ਮਹੱਤਵਪੂਰਨ ਹਦਾਇਤਾਂ

ਪੰਜਾਬ ਵਿੱਚ ਹੜ੍ਹਾਂ ਕਾਰਨ ਪਾਣੀ ਤੇ ਭੋਜਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਅਤੇ ਵੈਕਟਰ ਬੋਰਨ ਰੋਗਾਂ ਤੋਂ ਬਚਾਅ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ:
ਹੜ੍ਹ ਦੇ ਪਾਣੀ ਨਾਲ ਸਿੱਧਾ ਸੰਪਰਕ ਨਾ ਕਰੋ।
ਪਾਣੀ ਭਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਸੁਰੱਖਿਅਤ ਜੁੱਤੇ ਪਹਿਨੋ।
ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਧੋਵੋ, ਖ਼ਾਸ ਕਰਕੇ ਖਾਣ ਤੋਂ ਪਹਿਲਾਂ।
ਸਿਰਫ਼ ਉਬਾਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ। ਜੇ ਪਾਣੀ ਉਬਾਲਣਾ ਸੰਭਵ ਨਾ ਹੋਵੇ ਤਾਂ ਕਲੋਰੀਨ ਦੀਆਂ ਗੋਲੀਆਂ ਵਰਤੋ।
ਪਾਣੀ ਨੂੰ ਹਮੇਸ਼ਾਂ ਸਾਫ਼ ਤੇ ਢੱਕੇ ਹੋਏ ਬਰਤਨਾਂ ਵਿੱਚ ਹੀ ਸਟੋਰ ਕਰੋ।
ਉਹ ਭੋਜਨ ਨਾ ਖਾਓ ਜੋ ਹੜ੍ਹ ਦੇ ਪਾਣੀ ਨਾਲ ਸੰਪਰਕ ਵਿੱਚ ਆਇਆ ਹੋਵੇ।
ਮੱਛਰਾਂ ਦੀ ਵਾਧ ਨੂੰ ਰੋਕਣ ਲਈ ਛੱਤਾਂ, ਡੱਬਿਆਂ ਅਤੇ ਟਾਇਰਾਂ ਵਿੱਚੋਂ ਖੜ੍ਹਾ ਪਾਣੀ ਹਟਾਓ।
ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮੱਛਰਦਾਨੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਬਾਹਾਂ ਢੱਕਣ ਵਾਲੇ ਪੂਰੇ ਕੱਪੜੇ ਪਹਿਨੋ ਤੇ ਹਨੇਰੇ ਤੋਂ ਬਾਅਦ ਪਾਣੀ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਬਚੋ।
ਹੜ੍ਹ ਦੇ ਪਾਣੀ ਨਾਲ ਲੰਬੇ ਸਮੇਂ ਸੰਪਰਕ ਤੋਂ ਬਚੋ ਤੇ ਗਿੱਲੇ ਕੱਪੜੇ ਜਿੰਨੀ ਜਲਦੀ ਹੋ ਸਕੇ ਬਦਲੋ।
ਜੇ ਖੁਜਲੀ ਜਾਂ ਧੱਫੜ ਹੋਣ, ਤਾਂ ਸਿਹਤ ਵਿਸ਼ੇਸ਼ਗਿਆ ਨਾਲ ਸਲਾਹ ਮਗਰੋਂ ਮੱਲ੍ਹਮ ਜਾਂ ਪਾਊਡਰ ਲਗਾਓ।
ਦਸਤ ਦੀ ਸਥਿਤੀ ਵਿੱਚ ਤੁਰੰਤ ORS ਪੀਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੇਂਦਰ 'ਤੇ ਜਾਂਚ ਲਈ ਜਾਓ।

ਸਿਹਤ ਵਿਭਾਗ ਵੱਲੋਂ ਹਾਈ ਅਲਰਟ
ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਨੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਰਕਾਰੀ ਜਾਣਕਾਰੀ ਮੁਤਾਬਕ:
360 ਮੋਬਾਇਲ ਮੈਡੀਕਲ ਟੀਮਾਂ
458 ਰੈਪਿਡ ਰਿਸਪਾਂਸ ਟੀਮਾਂ
172 ਐਂਬੂਲੈਂਸਾਂ
ਰਾਹਤ ਅਤੇ ਐਮਰਜੈਂਸੀ ਸੇਵਾਵਾਂ ਲਈ ਚੌਕਸੀ ਨਾਲ ਕੰਮ ਕਰ ਰਹੀਆਂ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹਾਂ ਨਾਲ ਸਬੰਧਿਤ ਸਥਿਤੀ ਦੀ ਸਮੀਖਿਆ ਲਈ ਸਿਵਲ ਸਰਜਨਾਂ, ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ, ਆਈ.ਐੱਮ.ਏ., ਰੈੱਡ ਕਰਾਸ ਅਤੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਵੱਡੇ ਪੱਧਰ ’ਤੇ ਸਰੋਤ ਜੁਟਾ ਰਹੀ ਹੈ।