Mohali 'ਚ ਖੋਲ੍ਹੇ ਗਏ ਫਲੱਡ ਗੇਟ! ਘੱਗਰ ਮਚਾ ਸਕਦੈ ਤਬਾਹੀ, ਅਲਰਟ ਜਾਰੀ

ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ।

ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ। ਘੱਗਰ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਹੈ ਜਦਕਿ ਸੁਖਨਾ ਝੀਲ ਦਾ ਪਾਣੀ 1,163 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਨ 'ਤੇ ਦੋ ਫਲੱਡ ਗੇਟ ਖੋਲ੍ਹਣੇ ਪਏ। ਇਸ ਮਾਨਸੂਨ ਸੀਜ਼ਨ ਵਿੱਚ ਇਹ ਛੇਵੀਂ ਵਾਰ ਹੈ ਜਦੋਂ ਸੁਖਨਾ ਝੀਲ ਦੇ ਗੇਟ ਖੋਲ੍ਹੇ ਗਏ ਹਨ।

ਮੋਹਾਲੀ ਦੇ ਡੇਰਾਬੱਸੀ ਸਬ-ਡਿਵੀਜ਼ਨ ਦੇ ਨੌਂ ਪਿੰਡ - ਟਿਵਾਣਾ, ਖਜੂਰ ਮੰਡੀ, ਸਾਧਨਪੁਰ, ਸਰਸੀਨੀ, ਆਲਮਗੀਰ, ਡਾਂਗਢੇਰਾ, ਮੁਬਾਰਿਕਪੁਰ, ਮੀਰਪੁਰ ਅਤੇ ਬਾਕਰਪੁਰ - ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸਵੇਰੇ 8 ਵਜੇ, ਘੱਗਰ ਦਾ ਪਾਣੀ 70,000 ਕਿਊਸਿਕ ਨੂੰ ਪਾਰ ਕਰ ਗਿਆ। ਐਸਡੀਐਮ ਅਮਿਤ ਕੁਮਾਰ ਨੇ ਕਿਹਾ ਕਿ ਪੁਲਸ, ਸਿੰਚਾਈ ਅਤੇ ਮਾਲ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਮੋਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਵੀ ਟਿਵਾਣਾ ਪਿੰਡ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਪੁਲ ਦੇ ਨੇੜੇ ਢਹਿ ਗਈ ਸੜਕ

ਜਾਣਕਾਰੀ ਮੁਤਾਬਕ ਪੰਚਕੂਲਾ ਜ਼ਿਲ੍ਹੇ ਦੇ ਖਤੌਲੀ ਪਿੰਡ (ਬਰਵਾਲਾ ਦੇ ਨੇੜੇ) ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਸੜਕ ਇੱਕ ਪੁਲ ਦੇ ਨੇੜੇ ਡਿੱਗ ਗਈ। ਲਗਾਤਾਰ ਤੇਜ਼ ਵਹਾਅ ਕਾਰਨ ਸੜਕ ਦਾ ਇੱਕ ਹਿੱਸਾ ਟੁੱਟ ਕੇ ਵਹਿ ਗਿਆ। ਇਸ ਨਾਲ ਪਿੰਡ ਵਾਸੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਨੇ ਇਸ ਸਮੇਂ ਲੋਕਾਂ ਨੂੰ ਇਸ ਰਸਤੇ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਝੀਲ ਦੀ 24 ਘੰਟੇ ਨਿਗਰਾਨੀ ਲਈ ਇੰਜੀਨੀਅਰਿੰਗ ਵਿਭਾਗ ਦੀਆਂ ਟੀਮਾਂ, ਸੀਸੀਟੀਵੀ ਅਤੇ ਕੰਟਰੋਲ ਰੂਮ ਦਾ ਪ੍ਰਬੰਧ ਕੀਤਾ ਹੈ, ਜੋ ਲਗਾਤਾਰ ਮੋਹਾਲੀ ਅਤੇ ਪੰਚਕੂਲਾ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ। ਪ੍ਰਸ਼ਾਸਨ ਨੇ ਨਦੀ ਦੇ ਕੰਢੇ ਅਤੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਅਪਡੇਟਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।