ਬਦਰੀਨਾਥ ਧਾਮ ਚੜ੍ਹਾਵਾ ਚੋਰੀ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ, ਮੁਅੱਤਲ ਮੁਲਾਜ਼ਮ ਪ੍ਰਮੋਦ ਨੌਟਿਆਲ ਕਾਬੂ

ਬਦਰੀਨਾਥ ਮੰਦਰ ਵਿੱਚ ਦਾਨ ਅਤੇ ਚੜ੍ਹਾਵਾ ਚੋਰੀ ਕਰਨ ਦੇ ਮਾਮਲੇ ਵਿੱਚ ਉੱਤਰਾਖੰਡ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (BKTC) ਦੇ ਮੁਅੱਤਲ ਮੁਲਾਜ਼ਮ ਪ੍ਰਮੋਦ ਨੌਟਿਆਲ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।
ਚਮੋਲੀ/ਬਦਰੀਨਾਥ : ਬਦਰੀਨਾਥ ਮੰਦਰ ਵਿੱਚ ਦਾਨ ਅਤੇ ਚੜ੍ਹਾਵਾ ਚੋਰੀ ਕਰਨ ਦੇ ਮਾਮਲੇ ਵਿੱਚ ਉੱਤਰਾਖੰਡ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (BKTC) ਦੇ ਮੁਅੱਤਲ ਮੁਲਾਜ਼ਮ ਪ੍ਰਮੋਦ ਨੌਟਿਆਲ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਸੀਸੀਟੀਵੀ ਫੁਟੇਜ ਵਿੱਚ ਹੋਇਆ ਖੁਲਾਸਾ  
ਜਾਣਕਾਰੀ ਅਨੁਸਾਰ, 2 ਜੁਲਾਈ ਨੂੰ ਭੈਰਵ ਸੇਨਾ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਮੰਦਰ ਵਿੱਚ ਦਾਨ ਦੀ ਗਿਣਤੀ ਦੌਰਾਨ ਚੋਰੀ ਕੀਤੀ ਗਈ ਹੈ, ਜਿਸ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। 4 ਮੈਂਬਰੀ ਵਿਭਾਗੀ ਜਾਂਚ ਟੀਮ ਦੀ 18 ਪੰਨਿਆਂ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਮੋਦ ਨੌਟਿਆਲ ਨੇ 2 ਜੁਲਾਈ ਨੂੰ ਇੱਕ ਤੋਂ ਵੱਧ ਵਾਰ ਪੈਸਿਆਂ ਦੀ ਹੇਰਾਫੇਰੀ ਕੀਤੀ ਅਤੇ 29 ਜੂਨ ਨੂੰ ਵੀ ਉਸਨੂੰ ਕੁਝ ਪੈਸਿਆਂ ਵਰਗੀ ਵਸਤੂ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਸੀ।

ਫ਼ੋਨ ਬੰਦ ਕਰ ਕੇ ਹੋ ਗਿਆ ਸੀ ਫ਼ਰਾਰ  
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 7 ਜੁਲਾਈ ਨੂੰ ਪ੍ਰਮੋਦ ਨੌਟਿਆਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸਦੇ ਖਿਲਾਫ਼ ਐਫਆਈਆਰ (FIR) ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ 8 ਜੁਲਾਈ ਤੋਂ ਉਹ ਆਪਣਾ ਫ਼ੋਨ ਬੰਦ ਕਰਕੇ ਬਦਰੀਨਾਥ ਤੋਂ ਲਾਪਤਾ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਨੇ ਆਪਣੇ ਖਿਲਾਫ਼ ਦਰਜ ਮਾਮਲੇ ਅਤੇ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਲਈ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ।

ਚਮੋਲੀ ਦੇ ਐੱਸਐੱਸਪੀ ਸੁਰਜੀਤ ਸਿੰਘ ਪੰਵਾਰ ਨੇ ਦੱਸਿਆ ਕਿ ਪੁਲਿਸ ਨੇ ਐਤਵਾਰ ਰਾਤ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਬਦਰੀਨਾਥ ਥਾਣੇ ਵਿੱਚ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ, ਜਦੋਂ ਮੁਲਜ਼ਮ ਪ੍ਰਮੋਦ ਨੌਟਿਆਲ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ। ਜ਼ਿਕਰਯੋਗ ਹੈ ਕਿ ਨੌਟਿਆਲ ਮੰਦਰ ਕਮੇਟੀ ਦੇ ਚੇਅਰਮੈਨ ਦਾ ਪੀਏ (PA) ਹੋਣ ਦੇ ਬਾਵਜੂਦ ਮੰਦਰ ਵਿੱਚ ਦਾਨ ਦੀ ਗਿਣਤੀ ਅਤੇ ਪ੍ਰੋਟੋਕਾਲ ਦੀ ਡਿਊਟੀ ਨਿਭਾ ਰਿਹਾ ਸੀ।