'ਭਾਬੀ ਚੁੰਮੇਵਾਲੀ' ਤੇ ਉਸ ਦੇ ਪਤੀ ਖਿਲਾਫ FIR ਦਰਜ, ਲੱਗੇ ਗੰਭੀਰ ਦੋਸ਼

ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ, ਜੋ 'ਭਾਬੀ ਚੁੰਮੇਵਾਲੀ' ਦੇ ਨਾਂ ਨਾਲ ਮਸ਼ਹੂਰ ਹੈ, ਅਤੇ ਉਸ ਦੇ ਪਤੀ ਜਿੰਦਾ ਹੰਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਪੁਲਸ ਨੇ ਦੋਵਾਂ ਵਿਰੁੱਧ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ : ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ, ਜੋ 'ਭਾਬੀ ਚੁੰਮੇਵਾਲੀ' ਦੇ ਨਾਂ ਨਾਲ ਮਸ਼ਹੂਰ ਹੈ, ਅਤੇ ਉਸ ਦੇ ਪਤੀ ਜਿੰਦਾ ਹੰਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਪੁਲਸ ਨੇ ਦੋਵਾਂ ਵਿਰੁੱਧ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸ਼ਲੀਲਤਾ ਤੇ ਸਮਾਜ 'ਤੇ ਮਾੜੇ ਪ੍ਰਭਾਵ ਦੇ ਦੋਸ਼
ਸ਼ਿਕਾਇਤਕਰਤਾ ਨਿਹੰਗ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਰਣਜੀਤ ਕੌਰ ਸੋਸ਼ਲ ਮੀਡੀਆ 'ਤੇ ਅਸ਼ਲੀਲ ਕੰਟੈਂਟ ਅਤੇ ਵੀਡੀਓ ਅਪਲੋਡ ਕਰ ਰਹੀ ਹੈ, ਜਿਸ ਦਾ ਸਮਾਜ ਅਤੇ ਖਾਸ ਕਰਕੇ ਬੱਚਿਆਂ ਦੀ ਮਾਨਸਿਕਤਾ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਸ਼ਿਕਾਇਤ ਵਿੱਚ ਉਨ੍ਹਾਂ ਦੇ ਪਹਿਰਾਵੇ, ਸਰੀਰਕ ਪ੍ਰਦਰਸ਼ਨ ਅਤੇ ਵਰਤੀ ਜਾਂਦੀ ਭਾਸ਼ਾ 'ਤੇ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਇਸ ਤੋਂ ਇਲਾਵਾ, ਰਣਜੀਤ ਕੌਰ 'ਤੇ ਵੀਡੀਓਜ਼ ਵਿਚ ਪੁਲਸ ਪ੍ਰਸ਼ਾਸਨ ਦੇ ਨਾਮ ਦੀ ਗਲਤ ਵਰਤੋਂ ਕਰਨ ਦਾ ਵੀ ਦੋਸ਼ ਹੈ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ
ਐੱਫ.ਆਈ.ਆਰ. ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜੋੜੇ ਨੇ ਆਪਣੇ ਘਰ ਵਿਚ ਬਿਨਾਂ ਕਿਸੇ ਮਨਜ਼ੂਰੀ ਦੇ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਹੈ ਅਤੇ ਉੱਥੇ ਮਰਯਾਦਾ ਦੀ ਉਲੰਘਣਾ ਕਰਦੇ ਹੋਏ ਇਤਰਾਜ਼ਯੋਗ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸ਼ਿਕਾਇਤ ਅਨੁਸਾਰ, ਉਹ ਉਸ ਸਥਾਨ 'ਤੇ ਮੀਟ ਆਦਿ ਬਣਾ ਕੇ ਖਾਂਦੇ ਹਨ, ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਨਿਹੰਗ ਜਥੇਬੰਦੀਆਂ ਵਿਰੁੱਧ ਵੀ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ ਹਨ।

ਇਨਫਲੂਐਂਸਰ ਜੋੜੇ ਦਾ ਪੱਖ
ਦੂਜੇ ਪਾਸੇ, ਰਣਜੀਤ ਕੌਰ ਅਤੇ ਉਸ ਦੇ ਪਤੀ ਨੇ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਉਨ੍ਹਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਨਿਹੰਗ ਮਨਪ੍ਰੀਤ ਸਿੰਘ ਵਿਰੁੱਧ ਕਈ ਸਬੂਤ ਹਨ, ਜਿਨ੍ਹਾਂ ਨੂੰ ਉਹ ਜਲਦੀ ਹੀ ਮੀਡੀਆ ਦੇ ਸਾਹਮਣੇ ਪੇਸ਼ ਕਰਨਗੇ।

ਥਾਣਾ ਮੋਤੀ ਨਗਰ ਦੇ ਐੱਸ.ਐੱਚ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਆਈ.ਟੀ. ਐਕਟ ਦੀ ਧਾਰਾ 67 ਅਤੇ 67(ਏ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਲਗਾਏ ਗਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।