ਫੀਫਾ ਵਰਲਡ ਕੱਪ : ਇੰਗਲੈਂਡ ਖਿਲਾਫ 'ਲੱਕੀ' ਜਰਸੀ ਪਹਿਨਣਾ ਚਾਹੁੰਦਾ ਹੈ ਅਰਜਨਟੀਨਾ, ਫੀਫਾ ਤੋਂ ਮੰਗੀ ਇਜਾਜ਼ਤ

ਫੀਫਾ ਵਰਲਡ ਕੱਪ 2026 ਦੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਅਰਜਨਟੀਨਾ ਨੇ ਇੱਕ ਅਨੋਖੀ ਮੰਗ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਲਿਓਨਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਨੇ ਇੰਗਲੈਂਡ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਲਈ ਆਪਣੀ ਰਵਾਇਤੀ ਆਸਮਾਨੀ-ਚਿੱਟੀ ਜਰਸੀ ਦੀ ਬਜਾਏ ਨੇਵੀ ਬਲੂ (ਗੂੜ੍ਹੇ ਨੀਲੇ ਰੰਗ) ਦੀ ਜਰਸੀ ਪਹਿਨਣ ਦੀ ਇਜਾਜ਼ਤ ਫੀਫਾ ਤੋਂ ਮੰਗੀ ਹੈ।
ਨਵੀਂ ਦਿੱਲੀ : ਫੀਫਾ ਵਰਲਡ ਕੱਪ 2026 ਦੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਅਰਜਨਟੀਨਾ ਨੇ ਇੱਕ ਅਨੋਖੀ ਮੰਗ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਲਿਓਨਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਨੇ ਇੰਗਲੈਂਡ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਲਈ ਆਪਣੀ ਰਵਾਇਤੀ ਆਸਮਾਨੀ-ਚਿੱਟੀ ਜਰਸੀ ਦੀ ਬਜਾਏ ਨੇਵੀ ਬਲੂ (ਗੂੜ੍ਹੇ ਨੀਲੇ ਰੰਗ) ਦੀ ਜਰਸੀ ਪਹਿਨਣ ਦੀ ਇਜਾਜ਼ਤ ਫੀਫਾ ਤੋਂ ਮੰਗੀ ਹੈ। 

ਇਤਿਹਾਸਕ ਜਿੱਤਾਂ ਨਾਲ ਜੁੜਿਆ ਹੈ ਸਬੰਧ
ਰਿਪੋਰਟਾਂ ਅਨੁਸਾਰ, ਇਸ ਮੰਗ ਦੇ ਪਿੱਛੇ ਇੰਗਲੈਂਡ ਵਿਰੁੱਧ ਮਿਲੀਆਂ ਇਤਿਹਾਸਕ ਸਫਲਤਾਵਾਂ ਜੁੜਿਆ ਹੋਇਆ ਹੈ। ਅਰਜਨਟੀਨਾ ਲਈ ਨੇਵੀ ਬਲੂ ਜਰਸੀ ਬਹੁਤ ਖ਼ਾਸ ਰਹੀ ਹੈ।

1986 ਵਰਲਡ ਕੱਪ: ਇਸੇ ਜਰਸੀ ਵਿੱਚ ਡਿਏਗੋ ਮਾਰਾਡੋਨਾ ਨੇ ਇੰਗਲੈਂਡ ਵਿਰੁੱਧ ਇਤਿਹਾਸਕ 'ਹੈਂਡ ਆਫ ਗੌਡ' ਅਤੇ 'ਗੋਲ ਆਫ ਦਾ ਸੈਂਚੁਰੀ' ਕਰ ਕੇ ਟੀਮ ਨੂੰ 2-1 ਨਾਲ ਜਿੱਤ ਦਿਵਾਈ ਸੀ।

1998 ਵਰਲਡ ਕੱਪ: ਅਰਜਨਟੀਨਾ ਨੇ ਫਿਰ ਇਸੇ ਰੰਗ ਦੀ ਜਰਸੀ ਪਹਿਨ ਕੇ ਇੰਗਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾਇਆ ਸੀ। ਦੂਜੇ ਪਾਸੇ, 2002 ਵਰਲਡ ਕੱਪ ਵਿੱਚ ਜਦੋਂ ਅਰਜਨਟੀਨਾ ਆਪਣੀ ਰਵਾਇਤੀ ਹੋਮ ਜਰਸੀ ਵਿੱਚ ਉਤਰਿਆ ਸੀ ਤਾਂ ਉਸਨੂੰ ਇੰਗਲੈਂਡ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਾਰਨ ਸਥਾਨਕ ਮੀਡੀਆ ਇਸਨੂੰ ਟੀਮ ਦੀ 'ਲੱਕੀ ਕਿਟ' ਮੰਨ ਰਿਹਾ ਹੈ।

ਫੀਫਾ ਲਵੇਗਾ ਅੰਤਿਮ ਫੈਸਲਾ
ਮੌਜੂਦਾ ਵਰਲਡ ਕੱਪ ਵਿੱਚ ਅਰਜਨਟੀਨਾ ਨੇ ਇਹ ਜਰਸੀ ਸਿਰਫ਼ ਗਰੁੱਪ ਸਟੇਜ ਵਿੱਚ ਜਾਰਡਨ ਖਿਲਾਫ ਪਹਿਨੀ ਸੀ। ਫੀਫਾ ਦੇ ਨਿਯਮਾਂ ਅਨੁਸਾਰ, ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੀਆਂ ਜਰਸੀਆਂ ਦੇ ਰੰਗ ਤੈਅ ਕੀਤੇ ਜਾਂਦੇ ਹਨ ਤਾਂ ਜੋ ਮੈਦਾਨ 'ਤੇ ਖਿਡਾਰੀਆਂ ਅਤੇ ਰੈਫਰੀਆਂ ਨੂੰ ਕੋਈ ਭੁਲੇਖਾ ਨਾ ਲੱਗੇ। ਜਿੱਥੇ ਇੰਗਲੈਂਡ ਆਪਣੀ ਰਵਾਇਤੀ ਚਿੱਟੀ ਜਰਸੀ ਵਿੱਚ ਉਤਰੇਗਾ, ਉੱਥੇ ਹੀ ਅਰਜਨਟੀਨਾ ਦੀ ਨੇਵੀ ਬਲੂ ਜਰਸੀ ਬਾਰੇ ਫੀਫਾ ਜਲਦ ਹੀ ਫੈਸਲਾ ਲਵੇਗਾ।

ਦਾਅ 'ਤੇ ਲੱਗੀ ਹੈ ਫਾਈਨਲ ਦੀ ਟਿਕਟ
ਇਹ ਮੁਕਾਬਲਾ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ। ਅਰਜਨਟੀਨਾ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚ ਕੇ ਆਪਣਾ ਖ਼ਿਤਾਬ ਬਚਾਉਣ ਦੀ ਕੋਸ਼ਿਸ਼ ਕਰੇਗਾ, ਜਦਕਿ ਇੰਗਲੈਂਡ 1966 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨਾਲ ਮੈਦਾਨ ਵਿੱਚ ਉਤਰੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਫੀਫਾ ਅਰਜਨਟੀਨਾ ਨੂੰ ਉਸਦੀ 'ਕਿਸਮਤ ਵਾਲੀ' ਜਰਸੀ ਪਹਿਨਣ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ।