ਫੀਫਾ ਵਿਸ਼ਵ ਕੱਪ 2026 ਦਾ ਅੱਜ ਤੋਂ ਆਗਾਜ਼, 48 ਟੀਮਾਂ ਤੇ 104 ਮੈਚਾਂ ਨਾਲ ਰਚਿਆ ਜਾਵੇਗਾ ਨਵਾਂ ਇਤਿਹਾਸ

ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਇੱਕ, ਫੀਫਾ ਵਿਸ਼ਵ ਕੱਪ 2026 ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ ਫੁੱਟਬਾਲ ਇਤਿਹਾਸ ਦੇ ਕਈ ਨਵੇਂ ਰਿਕਾਰਡ ਕਾਇਮ ਕਰੇਗਾ।
ਮੈਕਸੀਕੋ ਸਿਟੀ : ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਇੱਕ, ਫੀਫਾ ਵਿਸ਼ਵ ਕੱਪ 2026 ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ ਫੁੱਟਬਾਲ ਇਤਿਹਾਸ ਦੇ ਕਈ ਨਵੇਂ ਰਿਕਾਰਡ ਕਾਇਮ ਕਰੇਗਾ। ਇਸ ਵਾਰ ਵਿਸ਼ਵ ਕੱਪ ਵਿੱਚ ਪਹਿਲੀ ਵਾਰ 32 ਦੀ ਬਜਾਏ 48 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਕੁੱਲ 104 ਮੁਕਾਬਲੇ ਖੇਡੇ ਜਾਣਗੇ। 

ਸ਼ਾਨਦਾਰ ਉਦਘਾਟਨੀ ਸਮਾਰੋਹ ਅਤੇ ਸ਼ਕੀਰਾ ਦੀ ਪੇਸ਼ਕਾਰੀ
ਟੂਰਨਾਮੈਂਟ ਦਾ ਉਦਘਾਟਨ ਅੱਜ ਮੈਕਸੀਕੋ ਸਿਟੀ ਵਿੱਚ ਇੱਕ ਸ਼ਾਨਦਾਰ ਸਮਾਰੋਹ ਨਾਲ ਹੋਵੇਗਾ। ਇਸ ਸਮਾਰੋਹ ਦਾ ਮੁੱਖ ਆਕਰਸ਼ਣ ਮਸ਼ਹੂਰ ਗਾਇਕਾ ਸ਼ਕੀਰਾ ਹੋਵੇਗੀ। ਉਨ੍ਹਾਂ ਤੋਂ ਇਲਾਵਾ ਬਰਨਾ ਬੁਆਏ, ਜੇ ਬਾਲਵਿਨ ਅਤੇ ਡੈਨੀ ਓਸ਼ਨ ਵਰਗੇ ਕਈ ਹੋਰ ਕੌਮਾਂਤਰੀ ਕਲਾਕਾਰ ਵੀ ਆਪਣੀ ਪੇਸ਼ਕਾਰੀ ਦੇਣਗੇ। ਇਹ ਕਲਾਕਾਰ ਵਿਸ਼ਵ ਕੱਪ 2026 ਦੇ ਅਧਿਕਾਰਤ ਐਲਬਮ ਦੇ ਗੀਤਾਂ 'ਤੇ ਲਾਈਵ ਪਰਫਾਰਮੈਂਸ ਦੇਣਗੇ।

ਰਿਕਾਰਡ ਇਨਾਮੀ ਰਾਸ਼ੀ
ਫੀਫਾ ਨੇ ਇਸ ਵਾਰ ਇਨਾਮੀ ਰਾਸ਼ੀ ਵਿੱਚ ਵੀ ਭਾਰੀ ਵਾਧਾ ਕੀਤਾ ਹੈ। ਖਿਤਾਬ ਜਿੱਤਣ ਵਾਲੀ ਟੀਮ ਨੂੰ 50 ਮਿਲੀਅਨ ਡਾਲਰ (ਲਗਭਗ 418 ਕਰੋੜ ਰੁਪਏ) ਮਿਲਣਗੇ, ਜਦਕਿ ਉਪ-ਜੇਤੂ ਨੂੰ 33 ਮਿਲੀਅਨ ਡਾਲਰ ਦਿੱਤੇ ਜਾਣਗੇ। ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ ਘੱਟੋ-ਘੱਟ 21.5 ਮਿਲੀਅਨ ਡਾਲਰ (ਕਰੀਬ 205 ਕਰੋੜ ਰੁਪਏ) ਦੀ ਰਾਸ਼ੀ ਮਿਲੇਗੀ।

ਮੈਸੀ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਅਤੇ ਉਨ੍ਹਾਂ ਦੇ ਸਟਾਰ ਖਿਡਾਰੀ ਲਿਓਨਲ ਮੈਸੀ 'ਤੇ ਰਹਿਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਹ ਮੈਸੀ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਜੇਕਰ ਅਰਜਨਟੀਨਾ ਦੁਬਾਰਾ ਖਿਤਾਬ ਜਿੱਤਦਾ ਹੈ, ਤਾਂ ਇਹ ਆਧੁਨਿਕ ਫੁੱਟਬਾਲ ਦੀ ਸਭ ਤੋਂ ਵੱਡੀ ਉਪਲਬਧੀ ਹੋਵੇਗੀ।

ਭਾਰਤ ਵਿੱਚ ਕਿੱਥੇ ਦੇਖ ਸਕਾਂਗੇ ਮੈਚ?
ਭਾਰਤ ਵਿੱਚ ਫੁੱਟਬਾਲ ਪ੍ਰਸ਼ੰਸਕ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਜ਼ੀ ਐਂਟਰਟੇਨਮੈਂਟ ਦੇ ਸਪੋਰਟਸ ਚੈਨਲਾਂ 'ਤੇ ਹਿੰਦੀ ਅਤੇ ਅੰਗਰੇਜ਼ੀ ਕਮੈਂਟਰੀ ਨਾਲ ਦੇਖ ਸਕਣਗੇ। ਡਿਜੀਟਲ ਪਲੇਟਫਾਰਮ 'ਤੇ ਇਹ ਮੈਚ ZEE5 ਐਪ 'ਤੇ ਉਪਲਬਧ ਹੋਣਗੇ। ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਦਘਾਟਨੀ ਮੈਚ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਸਮੇਤ 8 ਵੱਡੇ ਮੁਕਾਬਲੇ ਡੀਡੀ ਸਪੋਰਟਸ (DD Sports) 'ਤੇ ਮੁਫ਼ਤ ਦੇਖੇ ਜਾ ਸਕਣਗੇ।