ਅਸਥੀਆਂ ਵਿਸਰਜਿਤ ਕਰਨ ਬਿਆਸ ਜਾ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ, 8 ਲੋਕਾਂ ਦੀ ਮੌਤ

ਫਿਰੋਜ਼ਪੁਰ ਹਾਈਵੇਅ 'ਤੇ ਅੱਜ ਸਵੇਰੇ ਕਰੀਬ 5:30 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਿਕਅੱਪ ਅਤੇ ਟ੍ਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ।
ਫਾਜ਼ਿਲਕਾ : ਫਿਰੋਜ਼ਪੁਰ ਹਾਈਵੇਅ 'ਤੇ ਅੱਜ ਸਵੇਰੇ ਕਰੀਬ 5:30 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਿਕਅੱਪ ਅਤੇ ਟ੍ਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ ਹੈ।

ਅਸਥੀਆਂ ਵਿਸਰਜਿਤ ਕਰਨ ਜਾ ਰਿਹਾ ਸੀ ਪਰਿਵਾਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕਜ਼ਾਦੇ ਦਾ ਇੱਕ ਪਰਿਵਾਰ ਆਪਣੇ ਕਿਸੇ ਮ੍ਰਿਤਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਡੇਰਾ ਬਿਆਸ ਜਾ ਰਿਹਾ ਸੀ। ਪਿਕਅੱਪ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਲਗਭਗ 25 ਤੋਂ 30 ਲੋਕ ਸਵਾਰ ਸਨ। ਜਦੋਂ ਇਹ ਵਾਹਨ ਪਿੰਡ ਹੁਸੈਨਸ਼ਾਹ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟ੍ਰਾਲੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਪਿਕਅੱਪ ਦੇ ਉੱਪਰ ਬਣੇ ਟੂਲ ਬਾਕਸ ਵਿੱਚ ਬੈਠੇ 5 ਲੋਕ ਉਛਲ ਕੇ ਟ੍ਰਾਲੇ ਦਾ ਸ਼ੀਸ਼ਾ ਤੋੜਦੇ ਹੋਏ ਉਸ ਦੇ ਅੰਦਰ ਜਾ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਇੱਕ 13 ਸਾਲ ਦੀ ਬੱਚੀ ਵੀ ਸ਼ਾਮਲ ਹੈ। ਸੜਕ 'ਤੇ ਲਾਸ਼ਾਂ ਖਿੱਲਰੀਆਂ ਹੋਣ ਕਾਰਨ ਮਾਹੌਲ ਬੇਹੱਦ ਗਮਗੀਨ ਹੋ ਗਿਆ।

ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ। 

ਪੁਲਸ ਅਧਿਕਾਰੀਆਂ ਅਨੁਸਾਰ ਸੜਕ ਤੋਂ ਨੁਕਸਾਨੇ ਗਏ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਫਿਲਹਾਲ ਪੁਲਸ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।