ਜਲੰਧਰ ਕੈਂਟ ਸਟੇਸ਼ਨ ਤੋਂ ਫਰਜ਼ੀ ਵਿਜੀਲੈਂਸ ਇੰਸਪੈਕਟਰ ਕਾਬੂ, 6 ਮਹੀਨਿਆਂ ਤੋਂ ਲੈ ਰਿਹਾ ਸੀ VIP ਸਹੂਲਤਾਂ ਦਾ ਮਜ਼ਾ

ਫਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਆਉਂਦੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਐਤਵਾਰ ਨੂੰ ਰੇਲਵੇ ਸੁਰੱਖਿਆ ਬਲ (RPF) ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਕਥਿਤ ਤੌਰ 'ਤੇ ਆਪਣੇ ਆਪ ਨੂੰ ਰੇਲਵੇ ਵਿਜੀਲੈਂਸ ਇੰਸਪੈਕਟਰ ਦੱਸ ਰਿਹਾ ਸੀ। ਉੱਤਰੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ 28 ਜੂਨ ਨੂੰ ਵਾਪਰੀ ਜਦੋਂ ਰੇਲਵੇ ਸਟਾਫ ਨੂੰ ਉਸ ਵਿਅਕਤੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ।
ਜਲੰਧਰ : ਫਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਆਉਂਦੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਐਤਵਾਰ ਨੂੰ ਰੇਲਵੇ ਸੁਰੱਖਿਆ ਬਲ (RPF) ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਕਥਿਤ ਤੌਰ 'ਤੇ ਆਪਣੇ ਆਪ ਨੂੰ ਰੇਲਵੇ ਵਿਜੀਲੈਂਸ ਇੰਸਪੈਕਟਰ ਦੱਸ ਰਿਹਾ ਸੀ। ਉੱਤਰੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ 28 ਜੂਨ ਨੂੰ ਵਾਪਰੀ ਜਦੋਂ ਰੇਲਵੇ ਸਟਾਫ ਨੂੰ ਉਸ ਵਿਅਕਤੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ।

ਮੁਲਜ਼ਮ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ, ਜੋ ਰੇਲਵੇ ਕਰਮਚਾਰੀਆਂ ਵਿੱਚ ਆਪਣੀ ਝੂਠੀ ਪਛਾਣ ਬਣਾ ਕੇ ਰੇਲਵੇ ਦੇ ਕੰਮਕਾਜ ਵਿੱਚ ਗੈਰ-ਕਾਨੂੰਨੀ ਤੌਰ 'ਤੇ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਰੇਲਵੇ ਅਧਿਕਾਰੀਆਂ ਲਈ ਰਾਖਵੀਆਂ ਵਿਸ਼ੇਸ਼ ਸਹੂਲਤਾਂ ਦਾ ਨਾਜਾਇਜ਼ ਲਾਭ ਲੈਣ ਦੀ ਕੋਸ਼ਿਸ਼ ਵਿੱਚ ਸੀ। ਜਦੋਂ ਰੇਲਵੇ ਸਟਾਫ ਨੇ ਉਸ ਕੋਲੋਂ ਉਸ ਦਾ ਪਛਾਣ ਪੱਤਰ ਮੰਗਿਆ ਤਾਂ ਉਹ ਕੋਈ ਵੀ ਜਾਇਜ਼ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ। ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਪਿਛਲੇ ਛੇ ਮਹੀਨਿਆਂ ਤੋਂ, ਦੋਸ਼ੀ ਫਿਰੋਜ਼ਪੁਰ ਡਿਵੀਜ਼ਨ ਵਿੱਚ ਵਿਜੀਲੈਂਸ ਇੰਸਪੈਕਟਰ ਬਣ ਕੇ ਮੁਫ਼ਤ ਏਸੀ ਰੇਲ ਯਾਤਰਾ ਤੇ ਵੀਆਈਪੀ ਸਹੂਲਤਾਂ ਦਾ ਮਜ਼ਾ ਲੈ ਰਿਹਾ ਸੀ।

ਇਸ ਤੋਂ ਤੁਰੰਤ ਬਾਅਦ ਰੇਲਵੇ ਅਧਿਕਾਰੀਆਂ ਨੇ ਰੇਲਵੇ ਸੁਰੱਖਿਆ ਬਲ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮਾਮਲਾ ਆਪਣੇ ਹੱਥ ਵਿੱਚ ਲੈਂਦਿਆਂ ਅਗਲੇਰੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਮੱਦੇਨਜ਼ਰ ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਅਤੇ ਰੇਲਵੇ ਮੁਲਾਜ਼ਮਾਂ ਨੂੰ ਅਜਿਹੇ ਭੇਖੀ ਵਿਅਕਤੀਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਰੇਲਵੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੀ ਪਛਾਣ ਦੀ ਚੰਗੀ ਤਰ੍ਹਾਂ ਪੁਸ਼ਟੀ ਕੀਤੀ ਜਾਵੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ RPF ਜਾਂ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।