ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਖਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਮੇਤ 7 ਲੋਕਾਂ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਮਨੋਰੰਜਨ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਭਰਤਪੁਰ 'ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਮੇਤ 7 ਲੋਕਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ ਭਾਰਤਪੁਰ (ਰਾਜਸਥਾਨ) ਦੇ ਇਕ ਵਕੀਲ ਕੀਰਤੀ ਸਿੰਘ ਨੇ ਮਥੁਰਾ ਗੇਟ ਥਾਣੇ 'ਚ ਦਰਜ ਕਰਵਾਈ ਹੈ।

ਜਾਣੋ ਪੂਰਾ ਮਾਮਲਾ

ਕੀਰਤੀ ਨੇ ਕਿਹਾ ਕਿ ਉਸ ਨੇ ਹੁੰਡਈ ਕੰਪਨੀ ਤੋਂ ਇੱਕ ਕਾਰ ਖਰੀਦੀ ਸੀ ਪਰ ਕਾਰ 'ਚ ਪਹਿਲੇ ਦਿਨ ਤੋਂ ਹੀ ਤਕਨੀਕੀ ਸਮੱਸਿਆਵਾਂ ਆਉਣ ਲੱਗ ਪਈਆਂ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ, ਕੰਪਨੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਸ ਨੂੰ ਵਾਰ-ਵਾਰ ਭਰੋਸਾ ਦਿੱਤਾ ਗਿਆ ਕਿ ਕਾਰ ਠੀਕ ਕਰ ਦਿੱਤੀ ਜਾਵੇਗੀ ਪਰ ਕੋਈ ਹੱਲ ਨਹੀਂ ਨਿਕਲਿਆ ਅਤੇ ਕੰਪਨੀ ਟਾਲ-ਮਟੋਲ ਕਰਦੀ ਰਹੀ। ਇਹ ਮਾਮਲਾ ਸ਼ਾਹਰੁਖ ਅਤੇ ਦੀਪਿਕਾ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ।

FIR ਦਰਜ

ਕਾਰ ਨਿਰਮਾਤਾ ਦੇ ਇਸ ਰਵੱਈਏ ਤੋਂ ਤੰਗ ਆ ਕੇ, ਕੀਰਤੀ ਸਿੰਘ ਨੇ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਉਸ ਨੇ ਇਸ ਧੋਖਾਧੜੀ ਵਿਰੁੱਧ ਭਰਤਪੁਰ ਦੀ ਸੀਜੇਐਮ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ। ਇਸ 'ਤੇ, ਅਦਾਲਤ ਨੇ ਮਥੁਰਾ ਗੇਟ ਪੁਲਸ ਸਟੇਸ਼ਨ ਨੂੰ FIR ਦਰਜ ਕਰਨ ਦਾ ਆਦੇਸ਼ ਦਿੱਤਾ। ਕੀਰਤੀ ਸਿੰਘ ਨੇ ਦਾਅਵਾ ਕੀਤਾ ਕਿ ਹੁੰਡਈ ਕੰਪਨੀ ਨੇ ਉਸ ਨੂੰ 'ਨਿਰਮਾਣ ਨੁਕਸ' ਵਾਲੀ ਕਾਰ ਵੇਚੀ। ਅਦਾਲਤ ਦੇ ਹੁਕਮ ਤੋਂ ਬਾਅਦ, ਪੁਲਸ ਨੇ ਹੁੰਡਈ ਕੰਪਨੀ, ਇਸ ਦੇ ਅਧਿਕਾਰੀਆਂ ਅਤੇ ਬ੍ਰਾਂਡ ਅੰਬੈਸਡਰ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਮੇਤ 7 ਲੋਕਾਂ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ 'ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।