ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ! ਹਰਿਆਣਾ ਸਰਕਾਰ ਨੇ ਲਾਂਚ ਕੀਤੀ ਨਵੀਂ 'ਟਰੈਕ ਐਂਡ ਟਰੇਸ' ਪ੍ਰਣਾਲੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਰਾਜ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਬਕਾਰੀ ਅਤੇ ਕਰ ਵਿਭਾਗ ਦੀ ਨਵੀਂ 'ਟਰੈਕ ਐਂਡ ਟਰੇਸ' (Track-and-Trace) ਪ੍ਰਣਾਲੀ ਨੂੰ ਲਾਂਚ ਕੀਤਾ ਹੈ, ਜਿਸ ਨਾਲ ਹੁਣ ਸ਼ਰਾਬ ਦੀ ਹਰ ਬੋਤਲ ਡਿਜੀਟਲ ਨਿਗਰਾਨੀ ਹੇਠ ਹੋਵੇਗੀ।
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਰਾਜ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਬਕਾਰੀ ਅਤੇ ਕਰ ਵਿਭਾਗ ਦੀ ਨਵੀਂ 'ਟਰੈਕ ਐਂਡ ਟਰੇਸ' (Track-and-Trace) ਪ੍ਰਣਾਲੀ ਨੂੰ ਲਾਂਚ ਕੀਤਾ ਹੈ, ਜਿਸ ਨਾਲ ਹੁਣ ਸ਼ਰਾਬ ਦੀ ਹਰ ਬੋਤਲ ਡਿਜੀਟਲ ਨਿਗਰਾਨੀ ਹੇਠ ਹੋਵੇਗੀ।

ਕਿਊਆਰ ਕੋਡ ਰਾਹੀਂ ਹੋਵੇਗੀ ਨਿਗਰਾਨੀ
ਇਸ ਨਵੀਂ ਪ੍ਰਣਾਲੀ ਦੇ ਤਹਿਤ, ਸ਼ਰਾਬ ਦੀ ਹਰੇਕ ਬੋਤਲ 'ਤੇ ਇੱਕ ਕਿਊਆਰ (QR) ਕੋਡ ਲਗਾਇਆ ਜਾਵੇਗਾ। ਇਸ ਕੋਡ ਰਾਹੀਂ ਬੋਤਲ ਦੀ ਡਿਸਟਿਲਰੀ ਤੋਂ ਲੈ ਕੇ ਬੋਟਲਿੰਗ ਯੂਨਿਟ, ਥੋਕ ਵਿਕਰੇਤਾ ਅਤੇ ਅਖੀਰ ਵਿੱਚ ਪ੍ਰਚੂਨ ਵਿਕਰੇਤਾ (ਠੇਕੇ) ਤੱਕ ਦੀ ਪੂਰੀ ਯਾਤਰਾ 'ਤੇ ਨਜ਼ਰ ਰੱਖੀ ਜਾ ਸਕੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਟੈਕਸ ਚੋਰੀ, ਤਸਕਰੀ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ 'ਤੇ ਲਗਾਮ ਲੱਗੇਗੀ ਅਤੇ ਵਿਭਾਗ ਨੂੰ ਰੀਅਲ-ਟਾਈਮ ਡਾਟਾ ਪ੍ਰਾਪਤ ਹੋਵੇਗਾ।

8 ਆਬਕਾਰੀ ਸੇਵਾਵਾਂ ਹੋਈਆਂ ਪੂਰੀ ਤਰ੍ਹਾਂ ਆਨਲਾਈਨ
ਮੁੱਖ ਮੰਤਰੀ ਨੇ ਇਸ ਮੌਕੇ ਅੱਠ ਨਵੀਂਆਂ ਆਨਲਾਈਨ ਆਬਕਾਰੀ ਸੇਵਾਵਾਂ ਦੀ ਵੀ ਸ਼ੁਰੂਆਤ ਕੀਤੀ। ਹੁਣ ਵਿਆਹ ਪੈਲੇਸਾਂ ਅਤੇ ਬੈਂਕੁਇਟ ਹਾਲਾਂ ਦੀ ਸਾਲਾਨਾ ਰਜਿਸਟ੍ਰੇਸ਼ਨ, ਅਸਥਾਈ ਸ਼ਰਾਬ ਲਾਇਸੈਂਸ (L-12A-C) ਅਤੇ ਉਦਯੋਗਿਕ ਸਪਿਰਿਟ ਪਰਮਿਟ ਵਰਗੀਆਂ ਸੇਵਾਵਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ। ਬਿਨੈਕਾਰ ਪੋਰਟਲ ਰਾਹੀਂ ਅਪਲਾਈ ਕਰਕੇ ਸੱਤ ਕਾਰਜ ਦਿਵਸਾਂ ਦੇ ਅੰਦਰ ਮਨਜ਼ੂਰੀ ਪ੍ਰਾਪਤ ਕਰ ਸਕਣਗੇ।

SGST ਸੰਗ੍ਰਹਿ ਵਿਚ ਹਰਿਆਣਾ ਦੇਸ਼ ਵਿਚ ਮੋਹਰੀ
ਪ੍ਰੋਗਰਾਮ ਦੌਰਾਨ ਦੱਸਿਆ ਗਿਆ ਕਿ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਹਰਿਆਣਾ ਦਾ SGST ਸੰਗ੍ਰਹਿ 32 ਫੀਸਦੀ ਵਧਿਆ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਮੁੱਖ ਮੰਤਰੀ ਨੇ ਕਰਦਾਤਿਆਂ ਨੂੰ 'ਇੱਕਮੁਸ਼ਤ ਨਿਪਟਾਰਾ ਯੋਜਨਾ-2026' ਦਾ ਲਾਭ ਉਠਾਉਣ ਦੀ ਵੀ ਅਪੀਲ ਕੀਤੀ, ਜਿਸ ਵਿੱਚ ਪ੍ਰੀ-ਜੀਐਸਟੀ (Pre-GST) ਮਾਮਲਿਆਂ 'ਤੇ ਵਿਆਜ ਅਤੇ ਜੁਰਮਾਨੇ ਵਿਚ 100 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।