ਜਲੰਧਰ 'ਚ ਡਬਲ ਮਰਡਰ ਦੇ ਮੁਲਜ਼ਮ ਦਾ ਐਨਕਾਊਂਟਰ! ਗੈਂਗਸਟਰ ਦਾ ਗੁਰਗਾ 'ਗੁੱਲੂ' ਗ੍ਰਿਫਤਾਰ

ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿਲਕ ਨਗਰ ਡਬਲ ਮਰਡਰ ਕੇਸ ਦੇ ਮੁੱਖ ਦੋਸ਼ੀ ਗੁੱਲੂ ਨੂੰ ਇੱਕ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਕਾਬੂ ਕਰ ਲਿਆ ਹੈ। ਬੁੱਧਵਾਰ ਸਵੇਰੇ ਹੋਏ ਇਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਲੰਧਰ: ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿਲਕ ਨਗਰ ਡਬਲ ਮਰਡਰ ਕੇਸ ਦੇ ਮੁੱਖ ਦੋਸ਼ੀ ਗੁੱਲੂ ਨੂੰ ਇੱਕ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਕਾਬੂ ਕਰ ਲਿਆ ਹੈ। ਬੁੱਧਵਾਰ ਸਵੇਰੇ ਹੋਏ ਇਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਗੁਪਤ ਸੂਚਨਾ ਤੋਂ ਬਾਅਦ ਹੋਈ ਘੇਰਾਬੰਦੀ
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਡੀ.ਸੀ.ਪੀ. ਮਨਪ੍ਰੀਤ ਢਿੱਲੋਂ ਅਤੇ ਏ.ਡੀ.ਸੀ.ਪੀ.-2 ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਬੁੱਧਵਾਰ ਸਵੇਰੇ ਕਰੀਬ 10:15 ਵਜੇ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੁੱਲੂ ਸ਼ਹਿਰ ਵਿੱਚ ਘੁੰਮ ਰਿਹਾ ਹੈ। ਪੁਲਿਸ ਨੇ ਤੁਰੰਤ 'ਨਾਖਾਂ ਵਾਲੇ ਬਾਗ' ਕੋਲ ਨਾਕਾਬੰਦੀ ਕਰ ਦਿੱਤੀ। ਜਦੋਂ ਮੋਟਰਸਾਈਕਲ ਸਵਾਰ ਗੁੱਲੂ ਉੱਥੇ ਪਹੁੰਚਿਆ ਅਤੇ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ
ਮੁਲਜ਼ਮ ਨੇ ਪੁਲਿਸ ਟੀਮ 'ਤੇ 3 ਤੋਂ 4 ਰਾਊਂਡ ਫਾਇਰ ਕੀਤੇ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ 4 ਰਾਊਂਡ ਫਾਇਰ ਕੀਤੇ ਗਏ, ਜਿਸ ਵਿੱਚੋਂ ਇੱਕ ਗੋਲੀ ਗੁੱਲੂ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ। ਪੁਲਿਸ ਅਨੁਸਾਰ ਫੜਿਆ ਗਿਆ ਮੁਲਜ਼ਮ ਖ਼ਤਰਨਾਕ ਗੈਂਗਸਟਰ ਜੋਗਾ ਫੋਲੜੀਵਾਲ ਦੇ ਗਰੋਹ ਨਾਲ ਜੁੜਿਆ ਹੋਇਆ ਹੈ।

ਇੱਕ ਮਹੀਨਾ ਪਹਿਲਾਂ ਕੀਤੀ ਸੀ ਦੋ ਨੌਜਵਾਨਾਂ ਦੀ ਹੱਤਿਆ
ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਾਲੰਧਰ ਵੈਸਟ ਦੇ ਤਿਲਕ ਨਗਰ ਇਲਾਕੇ ਵਿੱਚ ਸਿਮਰਨਜੀਤ ਸਿੰਘ (24) ਅਤੇ ਸੌਰਭ (23) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਜਾਂਚ ਮੁਤਾਬਕ ਵਾਰਦਾਤ ਵਾਲੇ ਦਿਨ ਗੁੱਲੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰੇਕੀ ਕੀਤੀ ਸੀ ਅਤੇ ਜਦੋਂ ਦੋਵੇਂ ਨੌਜਵਾਨ ਹਸਪਤਾਲ ਜਾ ਰਹੇ ਸਨ, ਤਾਂ ਉਨ੍ਹਾਂ 'ਤੇ ਤਾਬੜਤੋੜ ਫਾਇਰਿੰਗ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਸ਼ਾਮਲ ਗੁੱਲੂ ਦੇ ਦੂਜੇ ਸਾਥੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।