ਲੁਧਿਆਣਾ 'ਚ ਪੁਲਸ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ, ਵੱਡੀ ਸਾਜਿਸ਼ ਨੂੰ ਕੀਤਾ ਨਾਕਾਮ

ਇਹ ਐਨਕਾਊਂਟਰ ਉਸ ਸਮੇਂ ਹੋਇਆ ਜਦੋਂ ਪਾਕਿਸਤਾਨੀ ਏਜੰਸੀ ਆਈ.ਐਸ.ਆਈ. (ISI) ਦੇ ਮਾਡਿਊਲ ਨਾਲ ਜੁੜੇ ਦੋ ਲੋਕ ਹੈਂਡ ਗ੍ਰੇਨੇਡ ਲੈਣ ਲਈ ਲੁਧਿਆਣਾ ਪਹੁੰਚੇ ਸਨ।
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਲੁਧਿਆਣਾ ਪੁਲਸ ਨੇ ਵੀਰਵਾਰ ਨੂੰ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ।

ਇਹ ਐਨਕਾਊਂਟਰ ਉਸ ਸਮੇਂ ਹੋਇਆ ਜਦੋਂ ਪਾਕਿਸਤਾਨੀ ਏਜੰਸੀ ਆਈ.ਐਸ.ਆਈ. (ISI) ਦੇ ਮਾਡਿਊਲ ਨਾਲ ਜੁੜੇ ਦੋ ਲੋਕ ਹੈਂਡ ਗ੍ਰੇਨੇਡ ਲੈਣ ਲਈ ਲੁਧਿਆਣਾ ਪਹੁੰਚੇ ਸਨ। ਆਈ.ਐਸ.ਆਈ. ਸਰਹੱਦ ਪਾਰ ਤੋਂ ਲੁਧਿਆਣਾ ਵਿੱਚ ਦੋ ਵਾਰ ਅੱਤਵਾਦੀ ਹਮਲੇ ਦੀ ਕੋਸ਼ਿਸ਼ ਕਰ ਚੁੱਕੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਹੋਏ ਅੱਤਵਾਦੀ ਮਾਡਿਊਲ ਦੇ ਮੈਂਬਰ ਭੀੜ-ਭਾੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਉਨ੍ਹਾਂ ਦਾ ਇਰਾਦਾ ਵਿਸਫੋਟ ਕਰਕੇ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਨ ਦੇ ਨਾਲ-ਨਾਲ ਆਮ ਲੋਕਾਂ ਵਿੱਚ ਦਹਿਸ਼ਤ (ਟੈਰਰ) ਪੈਦਾ ਕਰਨਾ ਸੀ।

ਇਹ ਘਟਨਾ ਉਸ ਦਿਨ ਵਾਪਰੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ ਲੁਧਿਆਣਾ ਪਹੁੰਚਿਆ ਸੀ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਛੱਠ ਪੂਜਾ ਦੇ ਦਿਨ ਵੀ ਦੋ ਦੋਸ਼ੀ ਹੈਂਡ ਗ੍ਰੇਨੇਡਾਂ ਸਮੇਤ ਫੜੇ ਗਏ ਸਨ। ਪੁਲਸ ਨੇ ਪਹਿਲਾਂ ਹੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋ ਲੋਕ ਹੈਂਡ ਗ੍ਰੇਨੇਡ ਲੈਣ ਆ ਰਹੇ ਹਨ। ਇਸ ਤੋਂ ਬਾਅਦ, ਪੁਲਸ ਨੇ ਇੱਕ ਟਰੈਪ ਲਗਾਇਆ। ਪੁਲਸ ਨੂੰ ਦੇਖ ਕੇ ਇਹ ਲੋਕ ਲਾਡੋਵਾਲ ਟੋਲ ਪਲਾਜ਼ਾ ਤੋਂ ਲਾਡੋਵਾਲ ਬਾਈਪਾਸ ਵੱਲ ਭੱਜੇ, ਜਿੱਥੇ ਮੁਕਾਬਲਾ ਹੋਇਆ।

ਐਨਕਾਊਂਟਰ ਵਿੱਚ ਜ਼ਖਮੀ ਹੋਏ ਅੱਤਵਾਦੀ ਮਾਡਿਊਲ ਦੇ ਦੋ ਮੈਂਬਰਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੀਪੂ ਪੰਜਾਬ ਦੇ ਅਬੋਹਰ ਦਾ ਰਹਿਣ ਵਾਲਾ। ਰਾਮ ਲਾਲਰਾਜਸਥਾਨ ਦੇ ਗੰਗਾ ਨਗਰ ਦਾ ਰਹਿਣ ਵਾਲਾ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਰਹੱਦ ਪਾਰ ਦੇ ਆਈ.ਐਸ.ਆਈ. ਅੱਤਵਾਦੀ ਮਾਡਿਊਲ ਦੇ ਨਾਲ-ਨਾਲ ਇਨ੍ਹਾਂ ਦਾ ਸਬੰਧ ਲਾਰੈਂਸ ਗੈਂਗ ਨਾਲ ਵੀ ਸਾਹਮਣੇ ਆ ਰਿਹਾ ਹੈ। ਪੁਲਸ ਨੇ ਜੋ ਤਿੰਨ ਲੋਕ ਪਹਿਲਾਂ ਫੜੇ ਸਨ, ਉਨ੍ਹਾਂ ਵਿੱਚੋਂ ਇੱਕ ਦੋਸ਼ੀ ਸਲਮਾਨ ਖਾਨ ਦੇ ਘਰ ਗੋਲੀ ਚਲਾਉਣ ਵਾਲੇ ਦੋਸ਼ੀ ਹੈਰੀ ਦਾ ਭਰਾ ਹੈ।
ਪਿਛਲੀਆਂ ਗ੍ਰਿਫਤਾਰੀਆਂ:

ਇਸ ਤੋਂ ਪਹਿਲਾਂ, ਲੁਧਿਆਣਾ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ। ਇਨ੍ਹਾਂ ਵਿੱਚ ਹਰਿਆਣਾ ਦੇ ਫਤਿਹਾਬਾਦ ਦਾ ਅਜੇ, ਬਿਹਾਰ ਦੇ ਭੋਜਪੁਰ ਦਾ ਅਰਸ਼, ਅਤੇ ਪੰਜਾਬ ਦੇ ਫਿਰੋਜ਼ਪੁਰ ਦਾ ਸ਼ਮਸ਼ੇਰ ਸ਼ਾਮਲ ਹਨ। 27 ਅਕਤੂਬਰ ਨੂੰ ਵੀ, ਛੱਠ ਪੂਜਾ ਵਾਲੇ ਦਿਨ, ਸ਼ਿਵਪੁਰੀ ਚੌਕ ਨੇੜੇ ਆਈ.ਐਸ.ਆਈ. ਨਾਲ ਜੁੜੇ ਮਾਡਿਊਲ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਟਾਈਗਰ ਸਫਾਰੀ ਦੇ ਨਾਲ ਜੰਗਲ ਤੋਂ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਆਈ.ਐਸ.ਆਈ. ਨੇ ਅਜੈ ਮਲੇਸ਼ੀਆ ਰਾਹੀਂ ਇਹ ਹੈਂਡ ਗ੍ਰੇਨੇਡ ਲੁਧਿਆਣਾ ਪਹੁੰਚਾਏ ਸਨ।