ਅੰਮ੍ਰਿਤਸਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, ਪੈਟਰੋਲ ਬੰਬ ਸੁੱਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੰਗਲਵਾਰ ਰਾਤ ਪਿੰਡ ਭੈਣੀ ਨੇੜੇ ਹੋਏ ਇੱਕ ਮੁਕਾਬਲੇ ਤੋਂ ਬਾਅਦ ਦੋ ਕਥਿਤ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਮਾਮਲਾ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਵੱਲੋਂ ਮੰਗੀ ਗਈ ਫਿਰੌਤੀ ਅਤੇ ਉਸ ਤੋਂ ਬਾਅਦ ਕੀਤੇ ਗਏ ਹਮਲੇ ਨਾਲ ਜੁੜਿਆ ਹੋਇਆ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੰਗਲਵਾਰ ਰਾਤ ਪਿੰਡ ਭੈਣੀ ਨੇੜੇ ਹੋਏ ਇੱਕ ਮੁਕਾਬਲੇ ਤੋਂ ਬਾਅਦ ਦੋ ਕਥਿਤ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਮਾਮਲਾ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਵੱਲੋਂ ਮੰਗੀ ਗਈ ਫਿਰੌਤੀ ਅਤੇ ਉਸ ਤੋਂ ਬਾਅਦ ਕੀਤੇ ਗਏ ਹਮਲੇ ਨਾਲ ਜੁੜਿਆ ਹੋਇਆ ਹੈ।

ਪੈਟਰੋਲ ਬੰਬਾਂ ਨਾਲ ਕੀਤਾ ਸੀ ਹਮਲਾ
ਪੁਲਿਸ ਰਿਪੋਰਟਾਂ ਅਨੁਸਾਰ, ਐਤਵਾਰ ਰਾਤ ਨੂੰ ਪਿੰਡ ਪੰਡੋਰੀ ਵੜੈਚ ਦੇ ਰਹਿਣ ਵਾਲੇ ਵਿਕਰਮ ਸਿੰਘ ਦੇ ਘਰ 'ਤੇ ਤਿੰਨ ਪੈਟਰੋਲ ਬੰਬ ਸੁੱਟੇ ਗਏ ਸਨ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਕਰਮ ਸਿੰਘ ਨੂੰ ਕੁਝ ਸਮੇਂ ਪਹਿਲਾਂ ਵਿਦੇਸ਼ੀ ਗੈਂਗਸਟਰ ਦਾ ਫੋਨ ਆਇਆ ਸੀ, ਜਿਸ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ ਅਤੇ ਇਹ ਹਮਲਾ ਉਸੇ ਧਮਕੀ ਦਾ ਹਿੱਸਾ ਸੀ।

ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਮੁਲਜ਼ਮ ਮੋਟਰਸਾਈਕਲ 'ਤੇ ਪਿੰਡ ਭੈਣੀ ਤੋਂ ਬਾਓਲੀ ਵੱਲ ਜਾ ਰਹੇ ਹਨ। ਜਦੋਂ ਪੁਲਿਸ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਮੁਲਜ਼ਮ ਗੁਰਲਾਲ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਮੁਲਜ਼ਮ ਕ੍ਰਿਸ਼ਨ ਸਿੰਘ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ, ਉਨ੍ਹਾਂ ਦੇ ਹੋਰ ਸਾਥੀਆਂ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਾਲ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।