ਬਟਾਲਾ ਪੁਲਸ ਤੇ ਸ਼ੂਟਰ ਵਿਚਾਲੇ ਐਨਕਾਊਂਟਰ: ਫਾਇਰਿੰਗ ਕਰਨ ਵਾਲਾ ਮੁਲਜ਼ਮ ਗੋਲੀ ਲੱਗਣ ਨਾਲ ਜ਼ਖ਼ਮੀ

ਬਟਾਲਾ ਪੁਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸ਼ਹਿਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਅਤੇ ਦਹਿਸ਼ਤ ਫੈਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸ਼ੁੱਕਰਵਾਰ ਰਾਤ ਪੁਲਸ ਅਤੇ ਇੱਕ ਸ਼ੂਟਰ ਵਿਚਕਾਰ ਹੋਏ ਸਿੱਧੇ ਮੁਕਾਬਲੇ ਵਿੱਚ ਮੁੱਖ ਮੁਲਜ਼ਮ ਰਵੀ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਬਟਾਲਾ : ਬਟਾਲਾ ਪੁਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸ਼ਹਿਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਅਤੇ ਦਹਿਸ਼ਤ ਫੈਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸ਼ੁੱਕਰਵਾਰ ਰਾਤ ਪੁਲਸ ਅਤੇ ਇੱਕ ਸ਼ੂਟਰ ਵਿਚਕਾਰ ਹੋਏ ਸਿੱਧੇ ਮੁਕਾਬਲੇ ਵਿੱਚ ਮੁੱਖ ਮੁਲਜ਼ਮ ਰਵੀ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਪੁਲਸ ਦੀ ਟੀਮ ਮੁਲਜ਼ਮ ਰਵੀ ਨੂੰ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ, ਜਿੱਥੇ ਉਸ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਰਵੀ ਦੇ ਪੈਰ 'ਚ ਗੋਲੀ ਲੱਗੀ। ਪੁਲਸ ਨੇ ਮੌਕੇ ਤੋਂ 3 ਖੋਖੇ ਅਤੇ ਇੱਕ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤਾ ਹੈ। ਜ਼ਖ਼ਮੀ ਮੁਲਜ਼ਮ ਨੂੰ ਸਖ਼ਤ ਸੁਰੱਖਿਆ ਹੇਠ ਸਿਵਲ ਹਸਪਤਾਲ ਬਟਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਿਊ ਟੌਪ ਸਿਟੀ (ਕਾਦੀਆਂ ਰੋਡ) ਦੇ ਰਹਿਣ ਵਾਲੇ ਕੱਪੜਾ ਵਪਾਰੀ ਵਰਿੰਦਰ ਸਿੰਘ ਦੇ ਘਰ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ 6 ਗੋਲੀਆਂ ਚਲਾਈਆਂ ਸਨ। ਪੀੜਤ ਕਾਰੋਬਾਰੀ ਨੇ ਦੱਸਿਆ ਕਿ ਗੈਂਗਸਟਰ ਅਮਨ ਆਂਡਾ ਵੱਲੋਂ ਉਸ ਨੂੰ ਫੋਨ ਅਤੇ ਵੌਇਸ ਮੈਸੇਜ ਰਾਹੀਂ 10 ਲੱਖ ਰੁਪਏ ਦੀ ਫਿਰੌਤੀ ਲਈ ਧਮਕਾਇਆ ਜਾ ਰਿਹਾ ਸੀ।

ਐੱਸ.ਐੱਸ.ਪੀ. ਬਟਾਲਾ ਅਨੁਸਾਰ, ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਕਾਰਵਾਈ ਕਰਦਿਆਂ ਰਵੀ ਅਤੇ ਬਲਦੇਵ ਸਿੰਘ ਸਮੇਤ ਹੁਣ ਤੱਕ ਕੁਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਦੀ ਗ੍ਰਿਫ਼ਤਾਰੀ ਨਾਲ ਫਾਇਰਿੰਗ ਅਤੇ ਰੰਗਦਾਰੀ ਦੀਆਂ 5 ਵੱਖ-ਵੱਖ ਵਾਰਦਾਤਾਂ ਸੁਲਝ ਗਈਆਂ ਹਨ। ਮੁੱਖ ਮੁਲਜ਼ਮ ਰਵੀ ਖ਼ਿਲਾਫ਼ ਪਹਿਲਾਂ ਹੀ 8 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ਾ ਤਸਕਰੀ ਦੇ ਕੇਸ ਵੀ ਸ਼ਾਮਲ ਹਨ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਨ੍ਹਾਂ ਕੋਲ ਵਿਦੇਸ਼ੀ ਹਥਿਆਰ ਕਿੱਥੋਂ ਆਏ ਅਤੇ ਇਸ ਦੇ ਪਿੱਛੇ ਹੋਰ ਕਿਹੜੇ ਗੈਂਗਸਟਰਾਂ ਦਾ ਹੱਥ ਹੈ।