ਬਟਾਲਾ ਪੁਲਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਐਨਕਾਊਂਟਰ! ਪੈਰ 'ਚ ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰ

ਬਟਾਲਾ ਪੁਲਸ ਅਤੇ ਇੱਕ ਗੈਂਗਸਟਰ ਦੇ ਗੁਰਗੇ ਵਿਚਕਾਰ ਹੋਏ ਮੁਕਾਬਲੇ ਵਿੱਚ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਮੁਲਜ਼ਮ, ਜਿਸ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ, ਨੂੰ ਕੜੀ ਸੁਰੱਖਿਆ ਹੇਠ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਬਟਾਲਾ : ਬਟਾਲਾ ਪੁਲਸ ਅਤੇ ਇੱਕ ਗੈਂਗਸਟਰ ਦੇ ਗੁਰਗੇ ਵਿਚਕਾਰ ਹੋਏ ਮੁਕਾਬਲੇ ਵਿੱਚ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਮੁਲਜ਼ਮ, ਜਿਸ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ, ਨੂੰ ਕੜੀ ਸੁਰੱਖਿਆ ਹੇਠ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਕੱਪੜਾ ਵਪਾਰੀ ਤੋਂ ਮੰਗੀ ਸੀ 10 ਲੱਖ ਦੀ ਫਿਰੌਤੀ
ਪ੍ਰਾਪਤ ਜਾਣਕਾਰੀ ਅਨੁਸਾਰ, ਨਿਊ ਟੌਪ ਸਿਟੀ (ਕਾਦੀਆਂ ਰੋਡ) ਦੇ ਰਹਿਣ ਵਾਲੇ ਨਾਮੀ ਕੱਪੜਾ ਵਪਾਰੀ ਵਰਿੰਦਰ ਸਿੰਘ ਨੂੰ ਪਿਛਲੇ ਕਾਫੀ ਸਮੇਂ ਤੋਂ ਗੈਂਗਸਟਰ ਅਮਨ ਆਂਡਾ ਵੱਲੋਂ ਫੋਨ ਕਾਲਾਂ ਅਤੇ ਵੌਇਸ ਮੈਸੇਜ ਰਾਹੀਂ 10 ਲੱਖ ਰੁਪਏ ਦੀ ਫਿਰੌਤੀ ਲਈ ਧਮਕਾਇਆ ਜਾ ਰਿਹਾ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਵਪਾਰੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਐਤਵਾਰ ਰਾਤ ਨੂੰ ਹੋਈ ਸੀ ਫਾਇਰਿੰਗ
ਬੀਤੇ ਐਤਵਾਰ ਦੇਰ ਰਾਤ ਕਰੀਬ 2 ਵਜੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਵਪਾਰੀ ਦੀ ਕੋਠੀ 'ਤੇ ਛੇ ਗੋਲੀਆਂ ਚਲਾਈਆਂ ਸਨ। ਹਾਲਾਂਕਿ, ਨਿਸ਼ਾਨਾ ਖੁੰਝਣ ਕਾਰਨ ਗੋਲੀਆਂ ਵਪਾਰੀ ਦੇ ਘਰ ਦੀ ਬਜਾਏ ਗੁਆਂਢੀ ਦੇ ਮਕਾਨ ਦੀਆਂ ਦੀਵਾਰਾਂ ਅਤੇ ਗੇਟ 'ਤੇ ਜਾ ਲੱਗੀਆਂ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਕਾਰਵਾਈ ਕਰਦੇ ਹੋਏ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

ਹਥਿਆਰ ਬਰਾਮਦਗੀ ਦੌਰਾਨ ਪੁਲਸ 'ਤੇ ਚਲਾਈ ਗੋਲੀ
ਪੁੱਛਗਿੱਛ ਦੌਰਾਨ ਮੁਲਜ਼ਮ ਬਲਦੇਵ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਵਾਰਦਾਤ ਵਿੱਚ ਵਰਤਿਆ ਪਿਸਤੌਲ ਪਿੰਡ ਮਾਣੇਸ ਨੇੜੇ ਨਹਿਰ ਕਿਨਾਰੇ ਛੁਪਾ ਕੇ ਰੱਖਿਆ ਹੈ। ਜਦੋਂ ਪੁਲਸ ਟੀਮ ਉਸ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਉੱਥੇ ਲੈ ਕੇ ਗਈ, ਤਾਂ ਉਸ ਨੇ ਛੁਪਾਇਆ ਹੋਇਆ ਹਥਿਆਰ ਕੱਢ ਕੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਆਤਮ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜੋ ਮੁਲਜ਼ਮ ਦੇ ਪੈਰ ਵਿੱਚ ਲੱਗੀ ਅਤੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।

ਮੁਲਜ਼ਮ ਦੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਪੂਰੇ ਕੰਪਲੈਕਸ ਨੂੰ ਪੁਲਸ ਨੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਗੈਂਗਸਟਰ ਨੈੱਟਵਰਕ ਬਾਰੇ ਹੋਰ ਖੁਲਾਸੇ ਕੀਤੇ ਜਾ ਸਕਣ।