ਚੋਣ ਕਮਿਸ਼ਨ ਵੱਲੋਂ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਤਿਆਰੀਆਂ ਸ਼ੁਰੂ

ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੀ ਪੁਸ਼ਟੀ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਅਧਿਕਾਰਿਕ ਪ੍ਰੈਸ ਨੋਟ ਰਾਹੀਂ ਕੀਤੀ ਗਈ। ਕਮਿਸ਼ਨ ਨੇ ਕਿਹਾ ਕਿ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਜਲਦੀ ਹੀ ਚੋਣ ਸ਼ਡਿਊਲ ਜਾਰੀ ਕੀਤਾ ਜਾਵੇਗਾ।

ਚੋਣ ਕਮਿਸ਼ਨ ਮੁਤਾਬਕ, ਉਪ ਰਾਸ਼ਟਰਪਤੀ ਦੀ ਚੋਣ ਲਈ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਦੀ ਨਿਯੁਕਤੀ, ਚੋਣ ਮੰਡਲ ਦੀ ਅਪਡੇਟ ਕੀਤੀ ਹੋਈ ਸੂਚੀ ਦੀ ਤਿਆਰੀ, ਅਤੇ ਪਿਛਲੀਆਂ ਚੋਣਾਂ ਨਾਲ ਜੁੜੀ ਜਾਣਕਾਰੀ ਇਕੱਠੀ ਕਰਕੇ ਸਿਸਟਮ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਕਾਰਵਾਈ ਸ਼੍ਰੀ ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਉਨ੍ਹਾਂ ਦੇ ਅਸਤੀਫੇ ਨੂੰ ਜਨਤਕ ਕੀਤਾ ਗਿਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਸਿਹਤ ਕਾਰਨਾਂ ਕਰਕੇ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੂੰ ਆਪਣਾ ਅਸਤੀਫਾ ਭੇਜਿਆ ਸੀ, ਜਿਸਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਗਈ।

ਸੰਵਿਧਾਨ ਦੀ ਧਾਰਾ 324 ਹੇਠ ਚੋਣ ਕਮਿਸ਼ਨ ਉਪ ਰਾਸ਼ਟਰਪਤੀ ਦੀ ਚੋਣ ਕਰਵਾਉਣ ਲਈ ਜ਼ਿੰਮੇਵਾਰ ਹੈ। ਇਹ ਚੋਣ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਐਕਟ, 1952 ਅਤੇ 1974 ਵਿੱਚ ਨਿਰਧਾਰਤ ਨਿਯਮਾਂ ਅਧੀਨ ਕਰਵਾਈ ਜਾਂਦੀ ਹੈ। ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰ ਸ਼ਾਮਲ ਹੁੰਦੇ ਹਨ।