'ਈਜ਼ੀ ਕਨੈਕਟ' ਸੇਵਾ ਸ਼ੁਰੂ, ਪੰਜਾਬੀਆਂ ਨੂੰ ਅਮਰੀਕਾ-ਕੈਨੇਡਾ ਲਈ ਮਿਲੇਗੀ ਸਿੱਧੀ ਕਨੈਕਟੀਵਿਟੀ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਯਾਤਰੀਆਂ ਲਈ ਅੱਜ ਇੱਕ ਵੱਡੀ ਸਹੂਲਤ ਦਾ ਆਗਾਜ਼ ਹੋਇਆ ਹੈ। ਏਅਰ ਇੰਡੀਆ ਦੀ ਨਵੀਂ 'ਈਜ਼ੀ ਕਨੈਕਟ' (Easy Connect) ਹਬ-ਐਂਡ-ਸਪੋਕ ਫਲਾਈਟ ਸੇਵਾ ਸ਼ੁਰੂ ਹੋ ਗਈ ਹੈ। ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੇ ਅੱਜ ਸਵੇਰੇ 7 ਵਜੇ ਵਰਚੁਅਲ ਮਾਧਿਅਮ ਰਾਹੀਂ ਇਸ ਸੇਵਾ ਦਾ ਉਦਘਾਟਨ ਕੀਤਾ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਯਾਤਰੀਆਂ ਲਈ ਅੱਜ ਇੱਕ ਵੱਡੀ ਸਹੂਲਤ ਦਾ ਆਗਾਜ਼ ਹੋਇਆ ਹੈ। ਏਅਰ ਇੰਡੀਆ ਦੀ ਨਵੀਂ 'ਈਜ਼ੀ ਕਨੈਕਟ' (Easy Connect) ਹਬ-ਐਂਡ-ਸਪੋਕ ਫਲਾਈਟ ਸੇਵਾ ਸ਼ੁਰੂ ਹੋ ਗਈ ਹੈ। ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੇ ਅੱਜ ਸਵੇਰੇ 7 ਵਜੇ ਵਰਚੁਅਲ ਮਾਧਿਅਮ ਰਾਹੀਂ ਇਸ ਸੇਵਾ ਦਾ ਉਦਘਾਟਨ ਕੀਤਾ।

ਕੀ ਹੈ 'ਈਜ਼ੀ ਕਨੈਕਟ' ਸੇਵਾ ਅਤੇ ਇਸ ਦੇ ਫਾਇਦੇ?
ਇਸ ਸੇਵਾ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਯਾਤਰੀਆਂ ਲਈ ਵਿਦੇਸ਼ੀ ਯਾਤਰਾ ਬਹੁਤ ਸੁਖਾਲੀ ਹੋ ਜਾਵੇਗੀ।
ਸਿੱਧੀ ਚੈੱਕ-ਇਨ: ਯਾਤਰੀ ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਆਪਣੀ ਅੰਤਿਮ ਅੰਤਰਰਾਸ਼ਟਰੀ ਮੰਜ਼ਿਲ ਤੱਕ ਚੈੱਕ-ਇਨ ਕਰ ਸਕਣਗੇ।
ਦਿੱਲੀ ਵਿੱਚ ਕੋਈ ਖੱਜਲ-ਖੁਆਰੀ ਨਹੀਂ: ਯਾਤਰੀਆਂ ਨੂੰ ਹੁਣ ਦਿੱਲੀ ਹਵਾਈ ਅੱਡੇ 'ਤੇ ਉਤਰ ਕੇ ਦੁਬਾਰਾ ਸਾਮਾਨ (ਬੈਗੇਜ) ਚੈੱਕ-ਇਨ, ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ। ਉਹ ਸਿੱਧੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਰਾਹੀਂ ਆਪਣੀ ਅਗਲੀ ਉਡਾਣ ਫੜ ਸਕਣਗੇ।
ਸਮੇਂ ਦੀ ਬਚਤ: ਦਿੱਲੀ ਪਹੁੰਚਣ ਦੇ 4 ਘੰਟਿਆਂ ਦੇ ਅੰਦਰ ਹੀ ਅੱਗੇ ਦੀ ਅੰਤਰਰਾਸ਼ਟਰੀ ਫਲਾਈਟ ਮਿਲ ਜਾਵੇਗੀ।

27 ਦੇਸ਼ਾਂ ਲਈ ਮਿਲੇਗੀ ਕਨੈਕਟੀਵਿਟੀ
ਇਸ ਸੇਵਾ ਰਾਹੀਂ ਅੰਮ੍ਰਿਤਸਰ ਤੋਂ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ (UK), ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਲਗਭਗ 27 ਪ੍ਰਮੁੱਖ ਸ਼ਹਿਰਾਂ ਲਈ ਕਨੈਕਟਿੰਗ ਉਡਾਣਾਂ ਉਪਲਬਧ ਹੋਣਗੀਆਂ।

ਉਡਾਣਾਂ ਦਾ ਸਮਾਂ
ਅੰਮ੍ਰਿਤਸਰ ਤੋਂ ਰੋਜ਼ਾਨਾ ਦੋ 'ਈਜ਼ੀ ਕਨੈਕਟ' ਉਡਾਣਾਂ ਚੱਲਣਗੀਆਂ:
1.  ਪਹਿਲੀ ਫਲਾਈਟ (AI-1113): ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।
2.  ਦੂਜੀ ਫਲਾਈਟ (AI-1115): ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।

ਜ਼ਰੂਰੀ ਜਾਣਕਾਰੀ
ਇਸ ਸੇਵਾ ਦਾ ਲਾਭ ਲੈਣ ਵਾਲੇ ਭਾਰਤੀ ਪਾਸਪੋਰਟ ਧਾਰਕਾਂ ਲਈ 'ਡਿਜੀਯਾਤਰਾ' (DigiYatra) ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਫਿਲਹਾਲ ਇਹ ਸਹੂਲਤ ਸਿਰਫ਼ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਹੀ ਮਿਲੇਗੀ। ਅਗਲੇ ਦੋ ਮਹੀਨਿਆਂ ਵਿੱਚ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਉਣ ਵਾਲੀ (ਇਨਬਾਊਂਡ) ਸੇਵਾ ਵੀ ਸ਼ੁਰੂ ਹੋਣ ਦੀ ਉਮੀਦ ਹੈ।

ਇਸ ਸੇਵਾ ਨਾਲ ਨਾ ਸਿਰਫ਼ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਘਰ ਆਉਣ-ਜਾਣ ਵਿੱਚ ਸੌਖ ਹੋਵੇਗੀ, ਸਗੋਂ ਸੂਬੇ ਵਿੱਚ ਸੈਰ-ਸਪਾਟਾ ਅਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ।