ਹੁਣ ਵਾਹਨਾਂ 'ਚ ਵਰਤਿਆ ਜਾ ਸਕੇਗਾ E100! ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਭਾਰਤ ਸਰਕਾਰ ਨੇ ਦੇਸ਼ ਵਿੱਚ ਬਦਲਵੇਂ ਬਾਲਣ (Optional Fuel) ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਦਿਆਂ 100 ਫੀਸਦੀ ਇਥੇਨੌਲ ਬਾਲਣ (E100) ਦੀ ਵਰਤੋਂ ਨੂੰ ਕਾਨੂੰਨੀ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਫਲੈਕਸ-ਫਿਊਲ ਤਕਨੀਕ ਵਾਲੇ ਵਾਹਨਾਂ ਵਿੱਚ ਹੁਣ ਸ਼ੁੱਧ ਇਥੇਨੌਲ ਦੀ ਵਰਤੋਂ ਕੀਤੀ ਜਾ ਸਕੇਗੀ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਦੇਸ਼ ਵਿੱਚ ਬਦਲਵੇਂ ਬਾਲਣ (Optional Fuel) ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਦਿਆਂ 100 ਫੀਸਦੀ ਇਥੇਨੌਲ ਬਾਲਣ (E100) ਦੀ ਵਰਤੋਂ ਨੂੰ ਕਾਨੂੰਨੀ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਫਲੈਕਸ-ਫਿਊਲ ਤਕਨੀਕ ਵਾਲੇ ਵਾਹਨਾਂ ਵਿੱਚ ਹੁਣ ਸ਼ੁੱਧ ਇਥੇਨੌਲ ਦੀ ਵਰਤੋਂ ਕੀਤੀ ਜਾ ਸਕੇਗੀ।

'ਰਾਤ 8 ਵਜੇ ਸਾਈਨ ਕੀਤੀ ਫਾਈਲ'
ਨਾਗਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਨਿਤਿਨ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ 8 ਵਜੇ 100 ਫੀਸਦੀ ਇਥੇਨੌਲ ਦੀ ਵਰਤੋਂ ਨੂੰ ਕਾਨੂੰਨੀ ਪ੍ਰਵਾਨਗੀ ਦੇਣ ਵਾਲੀ ਫਾਈਲ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇਸ ਵਿਚਾਰ ਨੂੰ ਮਜ਼ਾਕ ਸਮਝਦੇ ਸਨ, ਪਰ ਹੁਣ ਇਹ ਸੁਪਨਾ ਹਕੀਕਤ ਬਣ ਗਿਆ ਹੈ ਅਤੇ ਦੇਸ਼ ਵਿੱਚ ਸ਼ੁੱਧ ਇਥੇਨੌਲ ਬਾਲਣ ਦੀ ਵਰਤੋਂ ਦਾ ਰਸਤਾ ਸਾਫ਼ ਹੋ ਗਿਆ ਹੈ।

ਅਗਲੇ ਦੋ ਮਹੀਨਿਆਂ 'ਚ ਆਉਣਗੇ ਨਵੇਂ ਵਾਹਨ
ਕੇਂਦਰੀ ਮੰਤਰੀ ਅਨੁਸਾਰ, ਅਗਲੇ ਦੋ ਮਹੀਨਿਆਂ ਦੇ ਅੰਦਰ ਕਈ ਵੱਡੀਆਂ ਆਟੋਮੋਬਾਈਲ ਕੰਪਨੀਆਂ 100 ਫੀਸਦੀ ਇਥੇਨੌਲ 'ਤੇ ਚੱਲਣ ਵਾਲੇ ਵਾਹਨ ਬਾਜ਼ਾਰ ਵਿੱਚ ਉਤਾਰਨਗੀਆਂ। ਟੋਇਟਾ, ਸੁਜ਼ੂਕੀ, ਐਮਜੀ ਅਤੇ ਹੁੰਡਈ ਵਰਗੀਆਂ ਕੰਪਨੀਆਂ ਜਲਦੀ ਹੀ ਆਪਣੇ ਇਥੇਨੌਲ ਕੰਪਲਾਇੰਟ ਵਾਹਨ ਪੇਸ਼ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਾਰੂਤੀ ਸੁਜ਼ੂਕੀ ਨੇ ਵੈਗਨਆਰ ਦਾ ਫਲੈਕਸ-ਫਿਊਲ ਵੇਰੀਐਂਟ ਅਤੇ ਹੀਰੋ ਮੋਟੋਕੌਰਪ ਨੇ ਸਪਲੈਂਡਰ ਤੇ ਐਚਐਫ ਡੀਲਕਸ ਵਰਗੀਆਂ ਇਥੇਨੌਲ ਆਧਾਰਿਤ ਬਾਈਕਸ ਦੀ ਪ੍ਰਦਰਸ਼ਨੀ ਕੀਤੀ ਸੀ।

2027 ਤੱਕ 5,000 ਇਥੇਨੌਲ ਪੰਪਾਂ ਦਾ ਟੀਚਾ
ਸਰਕਾਰ ਇਸ ਮਿਸ਼ਨ ਨੂੰ ਰਫਤਾਰ ਦੇਣ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਪੈਟਰੋਲ ਪੰਪਾਂ ਦਾ ਨੈੱਟਵਰਕ ਤਿਆਰ ਕਰ ਰਹੀ ਹੈ। ਫਿਲਹਾਲ ਵੱਡੇ ਸ਼ਹਿਰਾਂ ਵਿੱਚ ਇਥੇਨੌਲ ਪੰਪ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸਾਲ 2027 ਤੱਕ ਇਨ੍ਹਾਂ ਦੀ ਗਿਣਤੀ ਵਧਾ ਕੇ 5,000 ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਤੇਲ ਦਰਾਮਦ 'ਚ ਹੋਵੇਗੀ ਵੱਡੀ ਬਚਤ
ਭਾਰਤ ਪਹਿਲਾਂ ਹੀ ਪੈਟਰੋਲ ਵਿੱਚ 20 ਫੀਸਦੀ ਇਥੇਨੌਲ ਮਿਲਾਉਣ ਦਾ ਟੀਚਾ ਸਮੇਂ ਤੋਂ ਪਹਿਲਾਂ ਹਾਸਲ ਕਰਕੇ ਕੱਚੇ ਤੇਲ ਦੀ ਦਰਾਮਦ 'ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਕਰ ਚੁੱਕਾ ਹੈ। ਸਰਕਾਰ ਦਾ ਮੰਨਣਾ ਹੈ ਕਿ 100 ਫੀਸਦੀ ਇਥੇਨੌਲ ਨੂੰ ਅਪਣਾਉਣ ਨਾਲ ਵਿਦੇਸ਼ੀ ਮੁਦਰਾ ਦੀ ਭਾਰੀ ਬਚਤ ਹੋਵੇਗੀ, ਪ੍ਰਦੂਸ਼ਣ ਘਟੇਗਾ ਅਤੇ ਸਭ ਤੋਂ ਮਹੱਤਵਪੂਰਨ ਇਹ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।